ਗੁਰਨਾਮ ਸਿੰਘ ਚੌਹਾਨ
ਪਾਤੜਾਂ, 31 ਜੁਲਾਈ
ਇੱਥੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਚੱਲਦੇ ਤਰਪਾਲ ਅਤੇ ਨੰਬਰ ਤੋਂ ਬਿਨਾਂ ਮਿੱਟੀ ਦੇ ਭਰੇ ਟਰੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਲੋਕਾਂ ਵੱਲੋਂ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਉਣ ਉਪਰੰਤ ਪਾਤੜਾਂ ਪੁਲੀਸ ਨੇ ਟਰੈਫਿਕ ਪੁਲੀਸ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ।
ਦਿੱਲੀ-ਸੰਗਰੂਰ ਮਾਰਗ ’ਤੇ ਲਿੰਕ ਸੜਕਾਂ ਰਾਹੀਂ ਉਸਾਰੀ ਅਧੀਨ ਜੰਮੂ ਕੱਟੜਾ ਐਕਸਪ੍ਰੈੱਸ ਵੇਅ ਲਈ ਸਾਰੀ ਦਿਹਾੜੀ ਮਿੱਟੀ ਲੈ ਕੇ ਜਾਂਦੇ ਨੰਬਰ ਅਤੇ ਤਰਪਾਲ ਤੋਂ ਸੱਖਣੇ ਟਿੱਪਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਮਿੱਟੀ ਜਾਂ ਧੂੜ ਕਣਾਂ ਨਾਲ ਭਰਿਆ ਟਰੱਕ, ਟਰੈਕਟਰ ਟਰਾਲੀ ਬਿਨਾਂ ਤਰਪਾਲ ਪਾਏ ਸੜਕਾਂ ’ਤੇ ਨਹੀਂ ਚਲਾਇਆ ਜਾ ਸਕਦਾ। ਸ਼ਹਿਰ ਵਾਸੀਆਂ ਨੇ ਇਹ ਮਾਮਲਾ ਪਾਤੜਾਂ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਨ੍ਹਾਂ ਟਰੱਕਾਂ ’ਚੋਂ ਉੱਡਦੀ ਮਿੱਟੀ ਰਾਹਗੀਰਾਂ ਅਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਨਾਲ ਭਰੇ ਟਿੱਪਰ ਮੋਟਰਸਾਈਕਲ ਸਵਾਰਾਂ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਆਵਾਜਾਈ ਵਿੱਚ ਵਿਘਨ ਪਾਉਣ ਦੇ ਨਾਲ ਨਾਲ ਹਾਦਸਿਆਂ ਦਾ ਸਬੱਬ ਵੀ ਬਣ ਸਕਦੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਥਾਣਾ ਇੰਚਾਰਜ ਪਾਤੜਾਂ ਪ੍ਰਕਾਸ਼ ਮਸੀਹ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਪਰ ਹੁਣ ਉਨ੍ਹਾਂ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਕੌਮੀ ਮਾਰਗ ਅਤੇ ਲਿੰਕ ਸੜਕਾਂ ਉੱਤੇ ਬਿਨਾਂ ਤਰਪਾਲ ਤੇ ਬਿਨਾਂ ਨੰਬਰ ਤੋਂ ਘੁੰਮਦੇ ਟਰੱਕਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।