ਪੱਤਰ ਪ੍ਰੇਰਕ
ਪਟਿਆਲਾ, 16 ਅਪਰੈਲ
ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਆਖਿਆ ਕਿ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਮ ’ਤੇ ਵੰਡਣ ਵਾਲੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨਾਲ ਗੁਰਦੀਪ ਕੌਰ ਲੁਧਿਆਣਾ, ਬੀਬੀ ਸਾਹੋਕੇ ਤੇ ਬੀਬੀ ਕਪੂਰੇ ਵੀ ਨਾਲ ਮੌਜੂਦ ਸਨ। ਉਨ੍ਹਾਂ ਨੇ ਬੀਬੀ ਰੰਧਾਵਾ ਦਾ ਸਨਮਾਨ ਕੀਤਾ। ਬੀਬੀ ਰੰਧਾਵਾ ਨੇ ਕਿਹਾ ਕਿ ਗੁਜਰਾਤ ਦੰਗਿਆਂ ਵਿੱਚ 59 ਹਿੰਦੂਆਂ ਦੇ ਮਾਰੇ ਜਾਣ ਪਿੱਛੇ ਵੀ ਕਥਿਤ ਭਾਜਪਾਈਆਂ ਦਾ ਹੱਥ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਵੀ ਮੋਦੀ ਸਰਕਾਰ ਨੇ ਕੋਝੀਆਂ ਚਾਲਾਂ ਚੱਲੀਆਂ। ਦਿੱਲੀ ਵਿੱਚ ਕਿਸਾਨਾਂ ਨੂੰ ਅਤਿਵਾਦੀ ਕਹਿ ਕੇ ਉਨ੍ਹਾਂ ਉੱਤੇ ਹਮਲੇ ਕਰਵਾਏ ਗਏ ਪਰ ਕਿਸਾਨਾਂ ਨੇ ਚੁੱਪ ਵੱਟੀ ਰੱਖੀ ਤੇ ਆਪਣੇ ਅੰਦੋਲਨ ਵਿੱਚ ਕਿਸੇ ਪ੍ਰਕਾਰ ਦੇ ਦੰਗੇ ਨਹੀਂ ਹੋਣ ਦਿੱਤੇ।