ਜੈਸਮੀਨ ਭਾਰਦਵਾਜ
ਨਾਭਾ, 25 ਜੂਨ
ਨੇੜਲੇ ਪਿੰਡ ਥੂਹਾ ਪੱਤੀ ਵਿੱਚ ਅੱਜ ਗ੍ਰਾਮ ਸਭਾ ਇਜਲਾਸ ’ਚ ਪਿੰਡ ਵਾਸੀਆਂ ਨੇ ਕਈ ਮਤੇ ਪਾਸ ਕੀਤੇ। ਥੂਹੀ ਗ੍ਰਾਮ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪਿੰਡ ਦੀ ਆਮਦਨ ’ਚੋਂ ਜੋ 30 ਫ਼ੀਸਦ ਹਿੱਸਾ ਪ੍ਰਸ਼ਾਸਨ ਲੈ ਜਾਂਦਾ ਹੈ, ਉਹ ਨਹੀਂ ਦਿੱਤਾ ਜਾਵੇਗਾ। ਮਤੇ ਦੀ ਤਜਵੀਜ਼ ਪਿੰਡ ਵਾਸੀ ਗੁਰਮੀਤ ਸਿੰਘ ਨੇ ਰੱਖੀ ਤੇ ਕਿਹਾ ਕਿ ਸਾਲ ਦਰ ਸਾਲ ਅਫਸਰਸ਼ਾਹੀ ਇਹ ਹਿੱਸਾ ਵਧਾਉਂਦੀ ਜਾ ਰਹੀ ਹੈ ਜਿਸ ਵਿੱਚ ਨਾ ਪਿੰਡ ਵਾਸੀਆਂ ਦੀ ਮਨਜ਼ੂਰੀ ਲੈਣੀ ਜ਼ਰੂਰੀ ਸਮਝੀ ਜਾਂਦੀ ਹੈ ਤੇ ਨਾ ਵਿਧਾਨ ਸਭਾ ‘ਚ ਇਸ ਬਾਬਤ ਕੋਈ ਕਾਨੂੰਨ ਬਣਿਆ ਹੈ। ਹਾਲਾਂਕਿ ਪੰਚਾਇਤ ਸਕੱਤਰ ਅਮਰੀਕ ਸਿੰਘ ਨੇ ਇਹ ਮਤਾ ਨਾ ਪਾਉਣ ਦੀ ਗੁਜ਼ਾਰਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਕਾਨੂੰਨ ਦਾ ਹਵਾਲਾ ਦੇ ਕੇ ਮਤਾ ਦਰਜ ਕਰਨ ਨੂੰ ਕਿਹਾ ਜਿਸਨੂੰ ਸਰਪੰਚ ਯਾਦਵਿੰਦਰ ਸਿੰਘ ਅਤੇ ਪੰਚਾਇਤ ਸਮੇਤ ਸਾਰੇ ਗ੍ਰਾਮ ਸਭਾ ਮੈਂਬਰਾਂ ਨੇ ਮਨਜ਼ੂਰੀ ਦਿੱਤੀ। ਪੰਚਾਇਤ ਸਕੱਤਰ ਅਮਰੀਕ ਨੇ ਦੱਸਿਆ ਕਿ ਇਹ ਮਤੇ ਹੁਣ ਉੱਚ ਅਧਿਕਾਰੀਆਂ ਕੋਲ ਭੇਜੇ ਜਾਣਗੇ ਤੇ ਉਹ ਕਾਨੂੰਨ ਅਨੁਸਾਰ ਇਹਨਾਂ ਦਾ ਨਿਰੀਖਣ ਕਰਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਉਣਗੇ।