ਕਾਰ ਤੇ ਬੱਸ ਦੀ ਟੱਕਰ ’ਚ ਤਿੰਨ ਨੌਜਵਾਨ ਹਲਾਕ; ਦੋ ਜ਼ਖ਼ਮੀ

ਕਾਰ ਤੇ ਬੱਸ ਦੀ ਟੱਕਰ ’ਚ ਤਿੰਨ ਨੌਜਵਾਨ ਹਲਾਕ; ਦੋ ਜ਼ਖ਼ਮੀ

ਹਾਦਸਾਗ੍ਰਸਤ ਕਾਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 26 ਸਤੰਬਰ

ਇਥੇ ਸਮਾਣਾ ਰੋਡ ’ਤੇ ਪਿੰਡ ਭਾਨਰਾ ਵਿੱਚ ਅੱਜ ਸ਼ਾਮੀਂ ਕਾਰ ਤੇ ਪੀਆਰਟੀਸੀ ਦੀ ਬੱਸ ਵਿੱਚ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਘਨੌਰ ਨੇੜਲੇ ਪਿੰਡ ਘਨੌਰੀ ਖੇੜਾ ਵਾਸੀ ਸਾਹਿਲ, ਕੁੰਵਰ ਸਿੰਘ ਤੇ ਪਰਮਜੀਤ ਸਿੰਘ ਵਜੋਂ ਹੋਈ ਹੈ। ਹਾਦਸੇ ਵਿੱਚ ਕਾਰ ਸਵਾਰ ਬੰਟੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਹਰੀ ਮਾਜਰਾ ਤੇ ਵਿੱਕੀ ਵਾਸੀ ਘਨੌਰੀ ਖੇੜਾ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਵਿੱਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਦੋਵੇਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਬੰਟੀ ਦੇ ਬਿਆਨਾਂ ’ਤੇ ਬੱਸ ਚਾਲਕ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਪੰਜੇ ਦੋਸਤ ਘਰਾਂ ਵਿੱਚ ਡੈਕੋਰੇਸ਼ਨ (ਪੀਵੀਸੀ) ਦਾ ਕੰਮ ਕਰਦੇ ਸਨ। ਅੱਜ ਜਦੋਂ ਉਹ ਆਪਣਾ ਕੰਮ ਖ਼ਤਮ ਕਰਕੇ ਸਮਾਣਾ ਤੋਂ ਪਟਿਆਲਾ ਵੱਲ ਨੂੰ ਆ ਰਹੇ ਸਨ, ਤਾਂ ਪਟਿਆਲਾ ਤੋਂ ਕੁਝ ਕੁ ਕਿਲੋਮੀਟਰ ਪਿਛਾਂਹ ਪਿੰਡ ਭਾਨਰਾ ਕੋਲ ਪਟਿਆਲਾ ਵੱਲੋਂ ਜਾ ਰਹੀ ਪੀਆਰਟੀਸੀ ਦੀ ਬੱਸ ਨਾਲ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ੲੇਨਾ ਭਿਆਨਕ ਸੀ ਕਿ ਤਿੰਨ ਜਣਿਆਂ ਨੇ ਥਾਂ ’ਤੇ ਹੀ ਦਮ ਤੋੜ ਦਿੱਤਾ ਜਦੋਂਕਿ ਦੋ ਜਣੇ ਜ਼ਖਮੀ ਹੋ ਗਏ। ਇਸ ਦੌਰਾਨ ਇਨ੍ਹਾਂ ਦੀ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਮਗਰੋਂ ਮੰਜ਼ਰ ਇੰਨਾ ਭਿਆਨਕ ਸੀ ਕਿ ਮ੍ਰਿਤਕ ਅਤੇ ਜ਼ਖ਼ਮੀ ਕਾਰ ਵਿਚ ਬੁਰੀ ਤਰ੍ਹਾਂ ਫਸ ਗਏ। ਘਟਨਾ ਦਾ ਪਤਾ ਲਗਦੇ ਹੀ ਪੁਲੀਸ ਚੌਕੀ ਡਕਾਲਾ ਤੋਂ ਇਕ ਟੀਮ ਮੌਕੇ ’ਤੇ ਪੁੱਜ ਗਈ। ਰਾਹਗੀਰਾਂ ਦੀ ਮਦਦ ਨਾਲ ਕਾਰ ’ਚੋਂ ਕੱਢੇ ਪੰਜੇ ਨੌਜਵਾਨਾਂ ਨੂੰ ਐਂਬੂਲੈਂਸ ਅਤੇ ਹੋਰ ਸਾਧਨਾਂ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜਦਾ ਕੀਤਾ ਗਿਆ। ਡਾਕਟਰਾਂ ਨੇ ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਮ੍ਰਿਤਕ ਲਿਆਂਦਾ ਕਰਾਰ ਦੇ ਦਿੱਤਾ। ਪੁਲੀਸ ਨੇ ਹਸਪਤਾਲ ਪੁੱਜ ਕੇ ਜ਼ਖ਼ਮੀ ਨੌਜਵਾਨ ਬੰਟੀ ਦੇ ਬਿਆਨਾਂ ’ਤੇ ਬੱਸ ਚਾਲਕ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All