ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 18 ਜੂਨ
ਰਾਜਪੁਰਾ-ਸਰਹਿੰਦ ਜੀਟੀ ਰੋਡ ’ਤੇ ਪਿੰਡ ਅਲੂਣਾ ਨੇੜੇ ਥ੍ਰੀ-ਵ੍ਹੀਲਰ ਦੀ ਕਾਰ ਨਾਲ ਟੱਕਰ ਹੋਣ ਕਾਰਨ ਥ੍ਰੀ-ਵੀਲਰ ਚਾਲਕ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਦੱਸਿਆ ਕਿ ਸਨੀ ਕੁਮਾਰ ਵਾਸੀ ਵਾਰਡ ਨੰਬਰ 2 ਕਸਬਾ ਲੇਖਾਨ ਜ਼ਿਲ੍ਹਾ ਮੋਤੇਹਾਰੀ (ਬਿਹਾਰ) ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮੁਦਈ ਆਪਣੇ ਹੋਰਨਾਂ ਸਾਥੀਆਂ ਨਾਲ ਥ੍ਰੀ-ਵ੍ਹੀਲਰ ਵਿੱਚ ਸਵਾਰ ਹੋ ਕੇ ਰਾਜਪੁਰਾ ਤੋਂ ਸਰਹਿੰਦ ਜਾ ਰਿਹਾ ਸੀ। ਜਦੋਂ ਥ੍ਰੀ-ਵ੍ਹੀਲਰ ਅਲੂਣਾ ਨੇੜੇ ਪੁੱਜਿਆ ਤਾਂ ਸੜਕ ’ਤੇ ਖੜ੍ਹੀ ਕਾਰ ਨਾਲ ਟਕਰਾ ਗਿਆ। ਇਸ ਕਾਰਨ ਥ੍ਰੀ-ਵੀਲਰ ਚਾਲਕ ਰਜਤ ਕੁਮਾਰ ਵਾਸੀ ਹਿਸਾਰ ਰੋਡ ਅੰਬਾਲਾ ਸ਼ਹਿਰ ਅਤੇ ਰਾਮ ਬਾਲਿਕਾ ਪਾਸਵਾਨ ਵਾਸੀ ਕਸਬਾ ਲੇਖਾਨ ਜ਼ਿਲ੍ਹਾ ਮੋਤੇਹਾਰੀ (ਬਿਹਾਰ) ਦੀ ਮੌਤ ਹੋ ਗਈ। ਇਸੇ ਦੌਰਾਨ ਹੋਰਨਾਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਥਾਣਾ ਸਦਰ ਦੀ ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਸ਼ਹਿਰ ਵਾਸੀਆਂ ਨੇ ਹਾਦਸਿਆਂ ’ਤੇ ਠੱਲ੍ਹ ਪਾਉਣ ਲਈ ਅਪੀਲ ਕਰਦਿਆਂ ਲੋਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਲਈ ਕਿਹਾ। ਇਸੇ ਦੌਰਾਨ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋਈਆਂ ਆਟੋ-ਰਿਕਸ਼ਾ ਸਵਾਰੀਆਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਇਸੇ ਦੌਰਾਨ ਟਰੈਫਿਕ ਪੁਲੀਸ ਨੇ ਵੀ ਚੌਕਸੀ ਵਧਾ ਦਿੱਤੀ ਹੈ।
ਮੋਟਰਸਾਈਕਲ ਸਵਾਰ ਨੌਜਵਾਨ ਹਲਾਕ; ਸਾਥੀ ਜਖ਼ਮੀ
ਸਮਾਣਾ (ਅਸ਼ਵਨੀ ਗਰਗ): ਇਥੋਂ ਦੇ ਬੰਦਾ ਸਿੰਘ ਬਹਾਦਰ ਚੌਕ ਵਿੱਚ ਅੱਜ ਮੋਟਰਸਾਈਕਲ ਅਤੇ ਟਰੈਕਟਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੇ ਪਿੱਛੇ ਬੈਠਾ ਉਸ ਦੇ ਮਾਮੇ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟਰੈਕਟਰ ਚਾਲਕ ਮੌਕੇ ’ਤੇ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲੀਸ ਨੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਮ੍ਰਿਤਕ ਪਰਵਿੰਦਰ ਸਿੰਘ ਉਰਫ਼ ਆਸ਼ੂ (16) ਵਾਸੀ ਬਰਨਾਲਾ ਦਾ ਪੋਸਟਮਾਰਟਮ ਕਰਵਾਉਣ ਆਏ ਉਸ ਦੇ ਪਿਤਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਮਾਣਾ ਦੇ ਪਿੰਡ ਮੁਰਾਦਪੁਰਾ ਵਿੱਚ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਅੱਜ ਉਹ ਮੋਟਰਸਾਇਕਲ ਲੈ ਕੇ ਆਪਣੇ ਮਾਮੇ ਦੇ ਲੜਕੇ ਡਿੰਪਲ ਨਾਲ ਸਮਾਣਾ ਆਇਆ ਹੋਇਆ ਸੀ ਤੇ ਹਸਪਤਾਲ ’ਚੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਪਿੰਡ ਪਰਤ ਰਿਹਾ ਸੀ। ਇਸੇ ਦੌਰਾਨ ਬੰਦਾ ਸਿੰਘ ਬਹਾਦਰ ਚੌਕ ’ਤੇ ਸਾਹਮਣੇ ਤੋਂ ਆ ਰਹੇ ਟ੍ਰੈਕਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਪਰਵਿੰਦਰ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਡਿੰਪਲ ਗੰਭੀਰ ਜ਼ਖ਼ਮੀ ਹੋ ਗਿਆ।