ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਅੱਜ ਦੂਜੇ ਦਿਨ ਵੀ ਪਟਿਆਲਾ ਜ਼ਿਲ੍ਹੇ ’ਚ ਪਿਆ ਭਰਵਾਂ ਮੀਂਹ ਭਾਵੇਂ ਝੋਨੇ ਲਈ ਲਾਹੇਵੰਦ ਪਰ ਯੱਕਦਮ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਜ਼ਿਲ੍ਹੇ ਦੇ ਕਈ ਖੇਤਰਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀ ਫਸਲ ਹੇਠਲੇ ਦਸ ਹਜ਼ਾਰ ਏਕੜ ਰਕਬੇ ’ਚ ਪਾਣੀ ਭਰ ਗਿਆ ਹੈ। ਝੋਨੇ ਦੀ ਤਿੰਨ ਹਜ਼ਾਰ ਏਕੜ ਫਸਲ ਤਾਂ ਪਾਣੀ ਵਿੱਚ ਡੁੱਬ ਗਈ ਹੈ। ਕੱਦੂ ਜਾਤੀਆਂ ਦੀਆਂ ਸਬਜ਼ੀਆਂ, ਭਿੰਡੀ ਤੇ ਖਾਸ ਕਰਕੇ ਮਿਰਚਾਂ ਲਈ ਇਹ ਬਰਸਾਤ ਨੁਕਸਾਨਦਾਇਕ ਹੈ। ਜਿਸ ਕਾਰਨ ਕਿਸਾਨਾਂ ਤੇ ਸਬਜ਼ੀ ਕਾਸ਼ਤਕਾਰਾਂ ਦੇ ਚਿੱਤ ਡੋਲਣ ਲੱਗੇ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਕਹਿਣਾ ਸੀ ਕਿ ਮੀਂਹ ਮਗਰੋਂ ਪਾਣੀ ਉਤਰ ਰਿਹਾ ਹੈ ਤੇ ਸਥਿਤੀ ਕਾਬੂ ’ਚ ਹੈ।
ਇਕੱਤਰ ਵੇਰਵਿਆਂ ਅਨੁਸਾਰ ਭਾਵੇਂ ਮੀਂਹ ਨੇ ਸਮੁੱਚੇ ਜ਼ਿਲ੍ਹੇ ’ਚ ਆਪਣਾ ਰੰਗ ਵਿਖਾਇਆ ਹੈ। ਪਰ ਘਨੌਰ ਤੇ ਸਨੌਰ ਹਲਕਿਆਂ ਨਾਲ ਸਬੰਧਤ ਸ਼ੰਭੂ, ਭੱਟਮਾਜਰਾ, ਚਪੜ, ਲੰਜਾਂ, ਰਸੂਲਪੁਰ ਤੇ ਸੀਲ ਆਦਿ ਪਿੰਡਾਂ ’ਚ ਝੋਨੇ ਦੀ ਵਧੇਰੇ ਫਸਲ ਡੁੱਬੀ ਹੋਈ ਹੈ। ਬਹਾਦਰਗੜ੍ਹ, ਸਨੌਰ, ਦੇਵੀਗੜ੍ਹ, ਸਮਾਣਾ ਤੇ ਪਾਤੜਾਂ ਖੇਤਰ ’ਚ ਵੀ ਵਧੇਰੇ ਝੋਨਾ ਪਾਣੀ ਦੀ ਮਾਰ ’ਚ ਆ ਗਿਆ ਹੈ। ਝੋਨੇ ਦੀ ਫਸਲ ’ਚ ਪਾਣੀ ਭਰਨ ਦੀ ਗੱਲ ਮੰਨਦਿਆਂ, ਰਾਜਪੁਰਾ ਤੋਂ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਗੁਰਮੇਲ ਸਿੰਘ ਦਾ ਤਰਕ ਸੀ ਮੀਂਹ ਮਗਰੋਂ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਸ਼ਰਨਜੀਤ ਜੋਗੀਪੁਰ, ਹੈਰੀ ਮੁਖਮੈਲਪੁਰ, ਸੁਰਿੰਦਰ ਘੁਮਾਣਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸ਼ੇਖਪੁਰਾ, ‘ਆਪ’ ਆਗੂ ਪ੍ਰੋ ਸੁਮੇਰ ਸਿੰਘ, ਇੰਦਰਜੀਤ ਸੰਧੂ, ਬਲਜਿੰਦਰ ਢਿੱਲੋਂ ਤੇ ਰਣਜੋਧ ਹੜਾਣਾ, ਕਿਸਾਨ ਆਗੂ ਬਿੱਟੂ ਰਾਠੀਆਂ, ਜਸਦੇਵ ਨੂਗੀ ਤੇ ਕਈ ਹੋਰਾਂ ਨੇ ਸਰਕਾਰ ਤੋਂ ਖਰਾਬੇ ਲਈ ਮੁਆਵਜੇ ਦੀ ਮੰਗ ਕੀਤੀ ਹੈ। ਦੂਜੇ ਬੰਨ੍ਹੇ ਰਾਜਪੁਰਾ, ਘਨੌਰ ਤੇ ਸਮਾਣਾ ਦੇ ਕਾਂਗਰਸੀ ਵਿਧਾਇਕਾਂ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ ਤੇ ਕਾਕਾ ਰਾਜਿੰਦਰ ਸਿੰਘ ਸਮਾਣਾ ਸਮੇਤ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਦਾ ਕਹਿਣਾ ਸੀ ਕਿ ਜੇ ਮੀਂਹ ਨਾਲ ਕੋਈ ਨੁਕਸਾਨ ਹੋਇਆ ਤਾਂ ਉਹ ਸਰਕਾਰ/ਪ੍ਰਸ਼ਾਸਨ ਤੱਕ ਪਹੁੰਚ ਕਰਕੇ ਨੁਕਸਾਨ ਦੀ ਭਰਪਾਈ ਕਰਵਾਉਣਗੇ।
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਇਲਾਕੇ ਦੇ ਲੋਕਾਂ ਨੂੰ ਘੱਗਰ ਦਰਿਆ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਬਚਾਉਣ ਦੇ ਮਕਸਦ ਨਾਲ ਬਣਾਈ ਗਈ ਮੋਮੀਆਂ ਡਰੇਨ ਆਫ਼ਤ ਬਣ ਗਈ ਹੈ। ਸੋਮਵਾਰ ਨੂੰ ਹੋਈ ਭਾਰੀ ਬਰਸਾਤ ਮਗਰੋਂ ਮੋਮੀਆਂ ਡਰੇਨ ਦੇ ਓਵਰਫਲੋਅ ਹੋਣ ਕਾਰਨ ਨੀਵੀਂਆਂ ਥਾਵਾਂ ਉੱਤੇ ਪਾਣੀ ਭਰ ਜਾਣ ਕਾਰਨ ਪਿੰਡ ਸਧਾਰਨਪੁਰ ਵਿੱਚ ਡੇਢ ਸੌ ਏਕੜ ਦੇ ਕਰੀਬ ਝੋਨੇ ਦੀ ਤਾਜ਼ੀ ਲੱਗੀ ਫਸਲ ਡੁੱਬ ਗਈ ਹੈ। ਪਿੰਡ ਸਧਾਰਨਪੁਰ ਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਜਿੰਦਰ ਸਿੰਘ ਸਧਾਰਨਪੁਰ, ਖਜ਼ਾਨਚੀ ਗੁਰਜੰਟ ਸਿੰਘ, ਸੁਖਦੀਪ ਸਿੰਘ, ਸਰਪੰਚ ਨਿਰਵੈਰ ਸਿੰਘ, ਅਮਰੀਕ ਸਿੰਘ ਬੀਕਾਨੇਰੀਆ, ਜਰਨੈਲ ਸਿੰਘ, ਸਰਬਜੀਤ ਸਿੰਘ, ਰਣਜੋਧ ਸਿੰਘ, ਗੋਬਿੰਦਪਰੀਤ ਸਿੰਘ, ਮਾਨਵ ਖਹਿਰਾ, ਭਗਵੰਤ ਸਿੰਘ ਨੇ ਦੱਸਿਆ ਕਿ ਬਾਦਸ਼ਾਹਪੁਰ ਇਲਾਕੇ ਦੀਆਂ ਉੱਚੀਆਂ ਥਾਵਾਂ ਤੋਂ ਪਾਣੀ ਮੋਮੀਆਂ ਡਰੇਨ ਰਾਹੀਂ ਘੱਗਰ ਦਰਿਆ ਵਿੱਚ ਪੈਂਦਾ ਹੈ ਪਰ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਪਿੰਡ ਸਧਾਰਨਪੁਰ ਕੋਲ ਡਰੇਨ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਭਰ ਗਿਆ ਹੈ ਜਿਸ ਕਾਰਨ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਬਾਦਸ਼ਾਹਪੁਰ ਇਲਾਕੇ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਹੇਠਾਂ ਚਾਰ ਪੁਲੀਆਂ ਦੱਬੀਆਂ ਹੋਈਆਂ ਹਨ ਜਦੋਂਕਿ ਪਿੰਡ ਕਰਤਾਰਪੁਰ ਕੋਲ ਸੜਕ ਹੇਠਾਂ ਪਾਣੀ ਦੀ ਨਿਕਾਸੀ ਲਈ ਸਿਰਫ਼ ਇੱਕ ਪੁਲੀ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਸਮੇਂ ’ਤੇ ਠੀਕ ਨਹੀਂ ਹੁੰਦੀ।
ਭਵਾਨੀਗੜ੍ਹ (ਪੱਤਰ ਪ੍ਰੇਰਕ) ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਜਿੱਥੇ ਕਿਸਾਨਾਂ ਸਮੇਤ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਦੇ ਪਾਣੀ ਨਾਲ ਭਵਾਨੀਗੜ੍ਹ ਸ਼ਹਿਰ ਜਲਥਲ ਹੋ ਗਿਆ ਹੈ, ਜਿਸ ਨਾਲ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੁੱਲ੍ਹ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪ੍ਰੇਸ਼ਾਨ ਹੋਏ ਇਲਾਕੇ ਦੇ ਲੋਕਾਂ ਨੂੰ ਸੋਮਵਾਰ ਤੋਂ ਸ਼ੁਰੂ ਹੋਏ ਮੀਂਹ ਨਾਲ ਇਕਦਮ ਮੌਸਮ ਵਿੱਚ ਠੰਢਕ ਆ ਗਈ ਹੈ।
ਦੋ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸੁੱਕੇ ਪਏ ਝੋਨੇ ਦੇ ਖੇਤ ਪਾਣੀ ਨਾਲ ਭਰ ਗਏ ਹਨ। ਝੋਨੇ ਨੂੰ ਮਹਿੰਗੇ ਭਾਅ ਦੇ ਡੀਜ਼ਲ ਨਾਲ ਜਨਰੇਟਰ ਚਲਾ ਕੇ ਪਾਣੀ ਦੇ ਰਹੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਖੇਤੀ ਮੋਟਰਾਂ ਬੰਦ ਹੋਣ ਕਾਰਨ ਸਰਕਾਰ ਤੇ ਪਾਵਰਕੌਮ ਨੂੰ ਵੀ ਸੁਖ ਦਾ ਸਾਹ ਆਇਆ ਹੈ। ਪਰ ਇਸ ਦੇ ਉਲਟ ਭਵਾਨੀਗੜ੍ਹ ਸ਼ਹਿਰ ਵਿੱਚ ਪਾਣੀ ਦੇ ਨਿਕਾਸ ਦੇ ਵਧੀਆ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਨਿੱਕਲ ਗਈ ਹੈ।
48 ਘੰਟੇ ਤੱਕ ਪਾਣੀ ਨਹੀਂ ਕਰਦਾ ਝੋਨੇ ਦਾ ਨੁਕਸਾਨ: ਗਰੇਵਾਲ
ਇਸੇ ਦੌਰਾਨ ਸੰਪਰਕ ਕਰਨ ’ਤੇ ਖੇਤੀਬਾੜੀ ਵਿਭਾਗ ਦੇ ਨਵੇਂ ਆਏ ਜ਼ਿਲ੍ਹਾ ਅਧਿਕਾਰੀ ਜੇਪੀਐਸ ਗਰੇਵਾਲ ਨੇ ਕਿਹਾ ਕਿ ਭਾਵੇਂ ਅਜੇ ਫੀਲਡ ’ਚੋਂ ਅਧਿਕਾਰਤ ਰਿਪੋਰਟਾਂ ਆਉਣੀਆਂ ਹਨ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਕਾਫ਼ੀ ਫਸਲ ਪਾਣੀ ’ਚ ਡੁੱਬਣ ਦੀ ਗੱਲ ਵੀ ਸਵਿਕਾਰੀ। ਨਾਲ਼ ਹੀ ਤਰਕ ਦਿੱਤਾ ਕਿ 36 ਤੋਂ 48 ਘੰਟੇ ਤੱਕ ਵੀ ਪਾਣੀ ’ਚ ਡੁੱਬੀ ਰਹਿਣ ’ਤੇ ਝੋਨੇ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਦੂਜੇ ਬੰਨ੍ਹੇ ਬਾਗਾਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਵਰਨ ਸਿੰਘ ਮਾਨ ਦਾ ਕਹਿਣਾ ਸੀ ਕਿ ਭਰਵਾਂ ਮੀਂਹ ਹੋਣ ਕਰਕੇ ਸਬਜ਼ੀਆਂ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਹੈ। ਪਰ ਇਸ ਸਬੰਧੀ ਸਹੀ ਅੰਕੜੇ ਰਿਪੋਰਟਾਂ ਆਉਣ ਮਗਰੋਂ ਹੀ ਸਪਸਟ ਹੋ ਸਕਣਗੇ।