ਪੱਤਰ ਪ੍ਰੇਰਕ
ਰਾਜਪੁਰਾ, 15 ਅਕਤੂਬਰ
ਇੱਥੇ ਵਾਪਰੇ ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਪਿੰਡ ਦੇਵੀਨਗਰ ਅਬਰਾਵਾਂ ਨੇ ਸਦਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁੱਦਈ ਦਾ ਭਰਾ ਹਰਨੇਕ ਸਿੰਘ ਆਪਣਾ ਟਰੱਕ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪਿੰਡ ਆਲਮਪੁਰ ਨੇੜਲੇ ਪੈਟਰੋਲ ਪੰਪ ’ਤੇ ਖੜ੍ਹਾ ਕਰ ਕੇ ਉਸ ਦੇ ਟਾਇਰ ਚੈੱਕ ਕਰ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਹਾਦਸੇ ਸਬੰਧੀ ਜਤਿੰਦਰ ਸਿੰਘ ਵਾਸੀ ਪਿੰਡ ਮਾਣਕ ਮਾਜਰਾ ਨੇ ਥਾਣਾ ਖੇੜੀ ਗੰਡਿਆਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁੱਦਈ ਆਪਣੇ ਜੀਜੇ ਹਰਮਿੰਦਰ ਸਿੰਘ ਨਾਲ ਰਾਜਪੁਰਾ-ਪਟਿਆਲਾ ਰੋਡ ’ਤੇ ਪਿੰਡ ਢੀਂਡਸਾ ਨੇੜੇ ਪੈਦਲ ਜਾ ਰਿਹਾ ਸੀ ਕਿ ਇੱਕ ਮੋਟਰਸਾਈਕਲ ਸਵਾਰ ਨੇ ਹਰਮਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋਵੇਂ ਮਾਮਲਿਆਂ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ਼ ਕੇਸ ਦਰਜ ਕਰ ਲਏ ਹਨ।
ਸਮਾਣਾ (ਸੁਭਾਸ਼ ਚੰਦਰ): ਇੱਥੇ ਅੱਜ ਦੁਪਹਿਰ ਸਮੇਂ ਪਿੰਡ ਢਾਬੀ ਗੁੱਜਰਾਂ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦੋਂਕਿ ਉਸ ਨਾਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਦੋਂਕਿ ਜ਼ਖਮੀ ਨੌਜਵਾਨ ਨੂੰ ਕੈਥਲ ਲਿਜਾਇਆ ਗਿਆ। ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਵਨ ਕੁਮਾਰ (28) ਦੇ ਪਿਤਾ ਸਤ ਨਾਰਾਇਣ ਦੇ ਬਿਆਨਾਂ ਅਨੁਸਾਰ ਉਹ ਅਕਾਊਂਟੈਂਟ ਵਜੋਂ ਅਨਾਜ ਮੰਡੀ ’ਚ ਕੰਮ ਕਰਦਾ ਹੈ। ਸਿਹਤ ਠੀਕ ਨਾ ਹੋਣ ਕਾਰਨ ਉਸ ਦੀ ਥਾਂ ਉਸ ਦਾ ਪੁੱਤਰ ਕੰਮ ਕਰਨ ਲਈ ਆਪਣੇ ਦੋਸਤ ਰਾਜੇਸ਼ ਕੁਮਾਰ ਨੂੰ ਨਾਲ ਲੈ ਕੇ ਅਨਾਜ ਮੰਡੀ ਜਾ ਰਿਹਾ ਸੀ ਤਾਂ ਰਸਤੇ ’ਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜਾਂਚ ਅਧਿਕਾਰੀ ਅਨੁਸਾਰ ਕਾਰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਖੜ੍ਹੀ ਕਾਰ ਵਿੱਚ ਟਰਾਲਾ ਵੱਜਿਆ
ਸੰਦੌੜ (ਪੱਤਰ ਪ੍ਰੇਰਕ): ਕਸਬਾ ਸੰਦੌੜ ਦੇ ਮੁੱਖ ਬਾਜ਼ਾਰ ਵਿੱਚ ਝਨੇਰ ਰੋਡ ’ਤੇ ਖੜ੍ਹੀ ਇੱਕ ਕਾਰ ਅਤੇ ਟਰਾਲੇ ਦਰਮਿਆਨ ਟੱਕਰ ਹੋ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਪਿੰਡ ਝਨੇਰ ਤੋਂ ਸੰਦੌੜ ਵੱਲ ਆ ਰਹੇ ਇੱਕ ਟਰਾਲੇ ਦੇ ਡਰਾਈਵਰ ਨੂੰ ਅਚਾਨਕ ਮਿਰਗੀ ਦਾ ਦੌਰਾ ਪੈਣ ਕਾਰਨ ਟਰਾਲਾ ਬੇਕਾਬੂ ਹੋ ਗਿਆ ਜੋ ਸੜਕ ਕਿਨਾਰੇ ਖੜ੍ਹੀ ਕਾਰ ਨਾਲ ਟਕਰਾ ਗਿਆ ਅਤੇ ਖੰਭੇ ਵਿੱਚ ਲੱਗਣ ਉਪਰੰਤ ਖੰਭਾ ਵੀ ਟੁੱਟ ਗਿਆ ਅਤੇ ਕਾਰ ਨੁਕਸਾਨੀ ਗਈ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਿਕ ਟਰਾਲਾ ਭਾਵੇਂ ਬਹੁਤ ਤੇਜ਼ ਨਹੀਂ ਸੀ, ਪਰ ਡਰਾਈਵਰ ਨੂੰ ਦੌਰਾ ਪੈਣ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਟਰਾਲੇ ਦਾ ਸੰਤੁਲਨ ਵਿਗੜ ਗਿਆ। ਮੌਕੇ ਤੇ ਲੋਕਾਂ ਵੱਲੋਂ ਹੀ ਟਰੱਕ ਡਰਾਈਵਰ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।