ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਜ਼ਿਲ੍ਹਾ ਪੁਲੀਸ ਅਤੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਅੱਜ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਪੁਲੀਸ ਦੇ ਸਾਢੇ ਤਿੰਨ ਸੌ ਮੁਲਾਜ਼ਮਾਂ ਅਤੇ 50 ਦੇ ਕਰੀਬ ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਸ਼ਾਮਲ ਸਨ। ਤਕਰੀਬਨ ਚਾਰ ਘੰਟੇ ਚੱਲੀ ਇਸ ਤਲਾਸ਼ੀ ਦੌਰਾਨ ਕੇਵਲ ਤਿੰਨ ਮੋਬਾਈਲ ਫੋਨ ਅਤੇ ਇੱਕ ਸਿਮ ਕਾਰਡ ਹੀ ਬਰਾਮਦ ਹੋਇਆ। ਸੈਂਕੜੇ ਪੁਲੀਸ ਮੁਲਾਜ਼ਮਾਂ ਨੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ ਬਾਕਾਇਦਾ ਗਸ਼ਤ ਕਰਕੇ ਵੀ ਚੈਕਿੰਗ ਕੀਤੀ।
ਅੱਜ ਸਵੇਰੇ 6 ਤੋਂ 10 ਵਜੇ ਤੱਕ ਚੱਲੇ ਇਸ ਸਰਚ ਅਭਿਆਨ ਦੀ ਅਗਵਾਈ ਐੱਸਐੱਸਪੀ ਦੀਪਕ ਪਾਰੀਕ ਨੇ ਕੀਤੀ। ਇਸ ਮੌਕੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਅਤੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਸਣੇ ਐੱਸਪੀ ਸਿਟੀ ਵਜ਼ੀਰ ਸਿੰਘ ਖਹਿਰਾ ਅਤੇ ਐੱਸਪੀ ਟਰੈਫ਼ਿਕ ਸਮੇਤ ਕਈ ਪੁਲੀਸ ਅਧਿਕਾਰੀ ਹਾਜ਼ਰ ਸਨ। ਤਲਾਸ਼ੀ ਮੁਹਿੰਮ ਦੌਰਾਨ ਪੂਰੇ ਜੇਲ੍ਹ ਦੀ ਜਾਂਚ ਕੀਤੀ ਗਈ ਖਾਸ ਕਰਕੇ ਗੈਂਗਸਟਰਾਂ ਵਾਲੇ ਵਿਸ਼ੇੇਸ਼ ਸੁਰੱਖਿਆ ਜ਼ੋਨ ਅਤੇ ਘੋਰ ਅਪਰਾਧੀਆਂ ਤੇ ਸਧਾਰਨ ਬੰਦੀਆਂ ਵਾਲੀਆਂ ਬੈਰਕਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਸਿਰਫ ਤਿੰਨ ਮੋਬਾਈਲ ਫੋਨ ਅਤੇ ਇਕ ਸਿਮ ਕਾਰਡ ਹੀ ਪੁਲੀਸ ਦੇ ਹੱਥ ਲੱੱਗੇ।
ਦੱਸਣਯੋਗ ਹੈ ਕਿ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜੇਲ੍ਹ ਮੰਤਰੀ ਹਰਜੋਤ ਬੈਂਸ ਸੰਤੁਸ਼ਟ ਹਨ।
ਫੋਨ ਰੱਖਣ ਵਾਲੇ ਹਵਾਲਾਤੀ ਕੀਤੇ ਜਾਣਗੇ ਨਾਮਜ਼ਦ
ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਅਨੁਸਾਰ ਬਰਾਮਦ ਹੋਏ ਇਹ ਤਿੰਨੋਂ ਫੋਨ ਕੀਪੈਡ ਵਾਲੇ ਹਨ ਜੋ ਕਿ ਹਵਾਲਾਤੀ ਸੁਖਦੀਪ ਸਿੰਘ ਵਾਸੀ ਟੋਹਾਣਾ, ਹਵਾਲਾਤੀ ਸ਼ੱਤਰੂਗਨ ਵਾਸੀ ਨੌਧਰਾਣੀ (ਮਲੇਰਕੋਟਲਾ) ਅਤੇ ਗੁਰਜੀਤ ਸਿੰਘ ਵਾਸੀ ਪਿੰਡ ਭੜੀ (ਖੇੜੀ ਨੌਧ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਤੋਂ ਬਰਾਮਦ ਹੋਏ। ਇਨ੍ਹਾਂ ਤਿੰਨਾਂ ਖ਼ਿਲਾਫ਼ ਮੁਹਾਲੀ, ਜੀਆਰਪੀ ਪਟਿਆਲਾ ਅਤੇ ਥਾਣਾ ਸਦਰ ਪਟਿਆਲਾ ’ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਮਿਲਣ ’ਤੇ ਇਨ੍ਹਾਂ ਤਿੰਨਾਂ ਖ਼ਿਲਾਫ਼ ਥਾਣਾ ਤ੍ਰਿਪੜੀ ਪਟਿਆਲਾ ਵਿੱਚ ਕੇਸ ਦਰਜ ਕੀਤਾ ਜਾਵੇਗਾ।