ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਦਸੰਬਰ
ਪਿਛਲੇ ਦਿਨੀਂ ਪਟਿਆਲਾ ਵਾਸੀ ਅਥਲੈਟਿਕ ਕੋਚ ਮਲਕੀਤ ਸਿੰਘ ਕੋਲੋਂ ਥਾਣਾ ਪਸਿਆਣਾ ਦੇ ਖੇਤਰ ਵਿੱਚ ਪੈਂਦੇ ਪਸਿਆਣਾ ਬਾਈਪਾਸ ਕੋਲੋਂ ਉਸ ਦੀ ਸਕਾਰਪੀਓ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਹੇਠਲੀ ਟੀਮ ਨੇ ਸਕਾਰਪੀਓ ਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।
ਪੁਲੀਸ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਵਿੱਚ ਮਨਪ੍ਰੀਤ ਸਿੰਘ ਵਾਸੀ ਆਨੰਦ ਨਗਰ ਬੀ ਪਟਿਆਲਾ, ਅਰਜੁਨ ਕੁਮਾਰ ਵਾਸੀ ਸਰਬਾਰੀ (ਉੱਤਰ ਪ੍ਰਦੇਸ਼) ਅਤੇ ਪਰਮਜੀਤ ਸਿੰਘ ਵਾਸੀ ਦੀਪ ਨਗਰ ਪਟਿਆਲਾ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 315 ਬੋਰ ਦਾ ਇਕ ਪਿਸਤੌਲ ਤੇ ਕੁਝ ਕਾਰਤੂਸਾਂ ਸਮੇਤ ਵਾਰਦਾਤ ਵਿੱਚ ਵਰਤਿਆ ਗਿਆ ਦਾਤ ਵੀ ਬਰਾਮਦ ਹੋਇਆ ਹੈ। ਮੁੱਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੋ ਕੇਸਾਂ ਵਿੱਚ ਸਜ਼ਾ ਵੀ ਕੱਟ ਰਹੇ ਹਨ ਤੇ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾਅ ਹੋ ਕੇ ਆਏ ਹਨ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਸਕਾਰਪੀਓ ਗੱਡੀ ’ਤੇ ਜਾਅਲੀ ਨੰਬਰ ਲਗਾ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਪਿੰਡ ਜੱਸੋਂਵਾਲ ਤੋਂ ਪਟਿਆਲਾ ਵੱਲ ਨੂੰ ਆ ਰਹੇ ਹਨ। ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਨੇ ਪੁਲੀਸ ਟੀਮ ਸਮੇਤ ਪਿੰਡ ਜੱਸੋਵਾਲ ਵਿੱਚ ਨਾਕਾ ਲਗਾ ਲਿਆ ਅਤੇ ਮੁਲਜ਼ਮਾਂ ਨੂੰ ਦਬੋਚ ਲਿਆ ਗਿਆ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।