ਖੇਤਰੀ ਪ੍ਰਤੀਨਿਧ
ਪਟਿਆਲਾ, 28 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਪੀਡੀਆ ਕੇਂਦਰ ਵੱਲੋਂ ਪੰਜਾਬੀ ਜਗਤ ਸਭਾ ਕੈਨੇਡਾ ਅਤੇ ਆਡੀਆਜ਼ ਕੌਮਾਂਤਰੀ ਸੰਸਥਾ ਦੇ ਸਹਿਯੋਗ ਨਾਲ ‘ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਇੱਕ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ। ਉਦਘਾਟਨ ਆਈਕਿਊਏਸੀ ਦੇ ਡਾਇਰੈਕਟਰ ਡਾ. ਆਰ.ਕੇ. ਗੋਇਲ ਨੇ ਕੀਤਾ। ਵਾਈਸ ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਅਤੇ ਪੰਜਾਬੀ ਪੀਡੀਆ ਦੇ ਕੋ ਕੋਆਰਡੀਨੇਟਰ ਡਾ. ਰਾਜਵਿੰਦਰ ਸਿਘ ਢੀਂਡਸਾ ਅਤੇ ਇੰਜਨੀਅਰ ਚਰਨਜੀਵ ਸਿੰਘ ਦੇ ਪ੍ਰਬੰਧਾਂ ਹੇਠਾਂ ਹੋਈ ਕਾਨਫਰੰਸ ’ਚ ਪ੍ਰਧਾਨਗੀ ਭਾਸ਼ਣ ਸਾਬਕਾ ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਨੇ ਦਿੱੱਤਾ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਮਜੀਤ ਕੌਰ ਨੇ 1970ਵੇਂ ਤੋਂ ਪਹਿਲਾਂ ਦੇ ਸਾਹਿਤ ਦੀ ਮਹੱਤਤਾ ਅਤੇ ਉਸ ਦੀ ਅੱਜ ਦੇ ਦੌਰ ’ਚ ਪ੍ਰਸੰਗਿਕਤਾ ਬਾਰੇ ਗੱਲ ਕੀਤੀ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਮਾਤ ਭਾਸ਼ਾ, ਨੈਤਿਕਤਾ, ਗੁਰਮੁਖੀ ਲਿਪੀ ਸਬੰਧੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਅਜੈਬ ਸਿੰਘ ਚੱਠਾ ਨੇ ਕਿਹਾ ਿਕ ਪੰਜਾਬੀ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਪੈਂਤੀ ਅੱਖਰਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਕੁਝ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।