ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਮਈ
ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਪੰਜਾਬ ਹਿਸਟਰੀ ਕਾਨਫ਼ਰੰਸ ਦੇ ਦੂਜੇ ਦਿਨ ਪੰਜਾਬ ਦੇ ਇਤਿਹਾਸ ਨੂੰ ਪੁਨਰ ਲਿਖਣ ਸਬੰਧੀ ਸੈਸ਼ਨ ਕਰਵਾਇਆ ਗਿਆ। ਇਸ ਵਿੱਚ ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਇਤਿਹਾਸਕਾਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਇਤਿਹਾਸ ਨੂੰ ਪੁਨਰ ਲਿਖਣ ਸਬੰਧੀ ਉਲੀਕੇ ਜਾ ਰਹੇ ਪ੍ਰਾਜੈਕਟ ’ਤੇ ਚਾਨਣਾ ਪਾਉਂਦਿਆਂ, ਵਾਈਸ ਚਾਂਸਲਰ ਡਾ. ਅਰਵਿੰਦ, ਨੇ ਦੱਸਿਆ ਕਿ ਇਹ ਇਕ ਅਕਾਦਮਿਕ ਪ੍ਰਾਜੈਕਟ ਹੋਵੇਗਾ ਜਿਸ ਵਿੱਚ ਪੰਜਾਬ ਖੇਤਰ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਇਕ ਮਲਟੀ-ਡਿਸੀਪਲਨਰੀ ਪ੍ਰਾਜੈਕਟ ਹੋਵੇਗਾ ਜਿਸ ਦੀ ਦੇਖ-ਰੇਖ ਅਤੇ ਅਧਿਐਨ ਲਈ ਅਲੱਗ ਕਮੇਟੀ ਗਠਿਤ ਕੀਤੀ ਜਾਵੇਗੀ। ਇਸ ਤਰ੍ਹਾਂ ਇਹ ਪ੍ਰਾਜੈਕਟ ਇਕ ਵਿਅਕਤੀਗਤ ਪ੍ਰਾਜੈਕਟ ਨਾ ਹੋ ਕੇ ਇਕ ਸੰਸਥਾਗਤ ਪ੍ਰਾਜੈਕਟ ਹੋਵੇਗਾ ਜਿਸ ਵਿੱਚ ਵੱਡੇ ਪੱਧਰ ’ਤੇ ਸਮੁਦਾਇ ਨੂੰ ਸ਼ਾਮਲ ਕੀਤਾ ਜਾਵੇਗਾ। ਚਰਚਾ ਵਿੱਚ ਪ੍ਰੋ. ਸੁਚੇਤਾ ਮਹਾਜਨ, ਪ੍ਰੋ.ਸੁਸ਼ਮਿਤਾ ਬਾਸੂ ਮਾਜੂਮਦਾਰ, ਪ੍ਰੋ ਐਸ.ਐਸ. ਸੋਹਲ, ਪ੍ਰੋ. ਸੁਖਮਨੀ ਬੱਲ, ਪ੍ਰੋ. ਸੁਮਨ ਜਮਵਾਲ, ਪ੍ਰੋ. ਅੰਜੂ ਸੂਰੀ, ਡਾ. ਜਸਬੀਰ ਸਿੰਘ ਅਤੇ ਪ੍ਰੋ. ਸਿ਼ਆਮ ਨਾਰਾਇਣ ਆਦਿ ਵਿਦਵਾਨਾ ਨੇ ਆਪੋ ਆਪਣੇ ਤਜ਼ਰਬਿਆਂ ਦੇ ਆਧਾਰ ‘ਤੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਵਿਦਵਾਨਾਂ ਨੇ ਇਸ ਪ੍ਰਾਜੈਕਟ ਸਬੰਧੀ ਕਈ ਸੁਝਾਅ ਵੀ ਪੇਸ਼ ਕੀਤੇ ਅਤੇ ਇਸ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ।
ਉਨ੍ਹਾਂ ਨੇ ਇਤਿਹਾਸ ਨੂੰ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਭਾਸ਼ਾਵਾਂ ਦੇ ਪਹਿਲੂਆਂ ਤੋਂ ਅਧਿਐਨ ਕਰਨ ’ਤੇ ਜ਼ੋਰ ਦਿੱਤਾ। ਪ੍ਰਾਚੀਨ ਕਾਲ ਪੰਜਾਬ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਹਿਤ ਪਾਕਿਸਤਾਨ ਵਿੱਚ ਪਏ ਸਰੋਤਾਂ ਦੀ ਪ੍ਰਾਪਤੀ ਲਈ ਪਹਿਲਕਦਮੀ ਵੀ ਚਰਚਾ ਦਾ ਵਿਸ਼ਾ ਰਹੀ।
ਇਸ ਤੋਂ ਇਲਾਵਾ ਪੰਜਾਬ ਖੇਤਰ ਦੇ ਇਤਿਹਾਸ ਦਾ ਨਾਲ ਲੱਗਦੇ ਖੇਤਰਾਂ ਦੇ ਇਤਿਹਾਸ ਨਾਲ ਜੋੜ ਕੇ ਅਧਿਐਨ ਕਰਨਾ, ਡਾਕੂਮੈਂਟੇਸ਼ਨ, ਵਰਕਸ਼ਾਪਾਂ ਅਤੇ ਲਿਖਤੀ ਸਰੋਤਾਂ ਦੇ ਨਾਲ-ਨਾਲ ਲੋਕ ਕਲਾਵਾਂ ਅਤੇ ਪੰਜਾਬੀ ਲਿਟਰੇਚਰ ਦੇ ਰੂਪ ਵਿੱਚ ਵਿਚਰ ਰਹੇ ਮੌਖਿਕ ਸਰੋਤਾਂ ਦਾ ਅਧਿਐਨ ਵੀ ਇਸ ਵਿਚਾਰ-ਵਟਾਂਦਰੇ ਦੇ ਅਲੱਗ-ਅਲੱਗ ਪਹਿਲੂ ਰਹੇ।
ਇਸ ਤੋਂ ਇਲਾਵਾ ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਵੀ ਪੜ੍ਹੇ। ਇਸ ਤਹਿਤ ਡਾ. ਸੁਸ਼ਮਿਤਾ ਬਾਸੂ ਮਾਜੂਮਦਾਰ (ਕੋਲਕਾਤਾ), ਡਾ. ਇਸ਼ਰਤ ਆਲਮ (ਅਲੀਗੜ੍ਹ) , ਡਾ. ਐੱਸ.ਬੀ. ਓਪਾਧਿਆਏ (ਨਵੀਂ ਦਿੱਲੀ) ਅਤੇ ਡਾ. ਜਸਪਾਲ ਕੌਰ (ਪਟਿਆਲਾ) ਨੇ ਕ੍ਰਮਵਾਰ ਪ੍ਰਾਚੀਨ, ਮੱਧਕਾਲੀਨ, ਆਧੁਨਿਕ ਅਤੇ ਪੰਜਾਬੀ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਇਸ ਟੈਕਨੀਕਲ ਸੈਸ਼ਨ ਵਿੱਚ 40 ਖੋਜ ਪੱਤਰ ਪੜ੍ਹੇ ਗਏ।