ਪੱਤਰ ਪ੍ਰੇਰਕ
ਪਟਿਆਲਾ, 8 ਸਤੰਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਖੁਰਾਕੀ ਵਸਤਾਂ ’ਚ ਮਿਲਾਵਟ ਕਰਨ ਵਾਲੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਿਲਾਵਟਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬਾ, ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਨਿਯਮਤ ਤੌਰ ’ਤੇ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਕੋਈ ਵੀ ਮਿਲਾਵਟਖੋਰ ਫੜਿਆ ਗਿਆ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ। ਉਹ ਅੱਜ ਇੱਥੇ ਬਾਮਨ ਦਵਾਦਸੀ ਦੇ ਸ਼ੁਭ ਦਿਹਾੜੇ ’ਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਕਿਲ੍ਹਾ ਚੌਕ ਵਿੱਚ ਲਗਾਈ ਸਟੇਜ ’ਤੇ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਇਸ ਵੇਲੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ।
ਸ੍ਰੀ ਜੌੜੇਮਾਜਰਾ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਹਨ ਕਿ ਪੰਜਾਬ ਵਿੱਚ ਬਣ ਰਹੀਆਂ ਮਠਿਆਈਆਂ ਵਿੱਚ ਵੱਡੀ ਪੱਧਰ ’ਤੇ ਮਿਲਾਵਟ ਹੋ ਰਹੀ ਹੈ। ਮਿਲਾਵਟਖੋਰ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਇਸ ਕਰ ਕੇ ਇਹ ਬਰਦਾਸ਼ਤ ਤੋਂ ਬਾਹਰ ਹੈ। ਸਮਾਗਮ ਦੌਰਾਨ ਪੁੱਜੇ ਭਗਤਾਂ ਨੂੰ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਭਗਵਾਨ ਵਿਸ਼ਨੂੰ ਦੇ ਭਗਤਾਂ ਲਈ ਬਹੁਤ ਹੀ ਸ਼ੁਭ ਦਿਨ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀ ਇਸ ਲਈ ਵੀ ਵਧਾਈ ਦੇ ਪਾਤਰ ਹਨ ਕਿਉਂ ਕਿ ਪੰਜਾਬ ਭਰ ਵਿੱਚ ਸਿਰਫ਼ ਪਟਿਆਲਾ ਹੀ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਭਗਵਾਨ ਸ੍ਰੀ ਵਿਸ਼ਨੂੰ ਦੇ ਵਾਮਨ ਅਵਤਾਰ (ਬਾਮਨ ਦਵਾਦਸੀ) ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਿਹਤ ਮੰਤਰੀ ਵੱਲੋਂ ਇਸ ਦੌਰਾਨ ਟਿੱਪਰੀ ਟੀਮਾਂ ਅਤੇ ਝਾਕੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੌਜੂਦ ‘ਆਪ’ ਆਗੂਆਂ ਵੱਲੋਂ ਸ੍ਰੀ ਜੌੜੇਮਾਜਰਾ ਦਾ ਵੀ ਸਨਮਾਨ ਕੀਤਾ ਗਿਆ।