ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਪਰੈਲ
‘ਆਪ’ ਸਰਕਾਰ ’ਚ ਟਰਾਂਸਪੋਰਟ ਮੰਤਰੀ ਬਣੇ ਲਾਲਜੀਤ ਸਿੰਘ ਭੁੱਲਰ ਨੇ ਟਰਾਂਸਪੋਰਟ ਮਾਫ਼ੀਏ ਨੂੰ ਨੱਥ ਪਾਉਣ ਲਈ ਮੁਹਿੰਮ ਆਰੰਭੀ ਦਿੱਤੀ ਹੈ। ਮੰਤਰੀ ਬਣਨ ਮਗਰੋਂ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਪੁੱਜ ਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ.ਸ਼ਿਵਾ ਪ੍ਰਸਾਦ, ਮੈਨੇਜਿੰਗ ਡਾਇਰੈਕਟਰ ਪਰਨੀਤ ਸ਼ੇਰਗਿੱਲ ਅਤੇ ਸਮੂਹ ਡਿਪੂਆਂ ਦੇ ਜਨਰਲ ਮੈਨੇਜਰਾਂ ਸਮੇਤ ਹੋਰ ਅਧਿਕਾਰੀਆਂ ਨਾਲ਼ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੀਆਰਟੀਸੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਸਾਰੀਆਂ ਚੋਰ ਮੋਰੀਆਂ ਬੰਦ ਕਰਨੀਆਂ ਪੈਣਗੀਆਂ।
ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼ ਸਫਾਈ ਯਕੀਨੀ ਬਣਾਉਣ ਸਮੇਤ ਉਨ੍ਹਾਂ ਨੇ ਬੱਸ ਅੱਡਿਆਂ ਦੇ ਬਾਹਰੋਂ ਟਿਕਟਾਂ ਕੱਟੇ ਜਾਣ ਦੀ ਪ੍ਰਥਾ ਨੂੰ ਹੁਣ ਬੰਦ ਕਰਨ ਦੀ ਤਕੀਦ ਵੀ ਕੀਤੀ ਤੇ ਇਹ ਵੀ ਕਿਹਾ ਕਿ ਟਾਈਮ ਟੇਬਲ ’ਚ ਵਿਤਕਰਾ ਬਰਦਾਸ਼ਤ ਨਹੀਂ ਹੋਵੇਗਾ। ਸਰਕਾਰੀ ਬੱਸਾਂ ਸਮੇਤ ਵੱਡੇ ਅਤੇ ਛੋਟੇ ਟਰਾਂਸਪੋਰਟਰਾਂ ਲਈ ਬਰਾਬਰ ਸਮਾਂ ਵੰਡ ਕੀਤੀ ਜਾਵੇ। ਤੇਲ ਚੋਰੀ ਅਤੇ ਟਿਕਟ ਦੇ ਪੈਸੇ ਰੱਖ ਕੇ ਕੁੰਡੀ ਲਾਉਣੀ ਹੁਣ ਬੀਤੇ ਦੀਆਂ ਘਟਨਾਵਾਂ ਬਣ ਜਾਣੀਆਂ ਚਾਹੀਦੀਆਂ ਹਨ। ਵਿਦਿਆਰਥੀ ਪਾਸ ਬਿਨਾਂ ਖੱਜਲ-ਖੁਆਰੀ ਅਤੇ ਸਮਾਂਬੱਧ ਤਰੀਕੇ ਨਾਲ ਬਣਾਉਣ ਦੀ ਤਕੀਦ ਵੀ ਕੀਤੀ ਗਈ। ਲਾਲਜੀਤ ਭੁੱਲਰ ਨੇ ਕਿਹਾ ਕਿ 1284 ਬੱਸਾਂ ਦੇ ਬੇੜੇ ਵਾਲੀ ਕਾਰਪੋਰੇਸ਼ਨ ਘਾਟੇ ਵਾਲੇ ਰੂਟਾਂ ਸਮੇਤ ਬੱਸ ਵਿਹੂਣੇ ਪੇਂਡੂ ਰੂਟਾਂ ’ਤੇ ਵੀ ਸਵਾਰੀਆਂ ਢੋਂਹਦੀ ਹੈ। ਮੰਤਰੀ ਨੇ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ।