ਪੱਤਰ ਪ੍ਰੇਰਕ
ਘਨੌਰ, 27 ਦਸੰਬਰ
ਇੱਥੋਂ ਨੇੜਲੇ ਪਿੰਡ ਘੱਗਰ ਸਰਾਏ ਵਿੱਚ ਤਿੰਨ ਅਣਪਛਾਤੇ ਝਪਟਮਾਰ ਇੱਕ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਹਜ਼ਾਰਾਂ ਰੁਪਏ ਦੀ ਨਗਦੀ, ਲੈਪਟਾਪ ਅਤੇ ਮੋਬਾਈਲ ਸਮੇਤ ਹੋਰ ਸਾਮਾਨ ਵਾਲਾ ਬੈਗ ਝਪਟ ਕੇ ਫਰਾਰ ਹੋ ਗਏ। ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਵਾਸੀ ਪਿੰਡ ਘੱਗਰ ਸਰਾਏ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਰਾਜਪੁਰਾ-ਅੰਬਾਲਾ ਜੀਟੀ ਰੋਡ ’ਤੇ ਪੈਂਦੇ ਪਿੰਡ ਘੱਗਰ ਸਰਾਏ ਦੇ ਅੱਡੇ ’ਤੇ ਸੇਠੀ ਕਮਿਊਨੀਕੇਸ਼ਨ ਨਾਮੀਂ ਮੋਬਾਈਲਾਂ ਦੀ ਦੁਕਾਨ ਹੈ। ਕੱਲ੍ਹ ਕਰੀਬ ਸ਼ਾਮ ਦੇ 8 ਵਜੇ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਜਾਣ ਲੱਗਿਆ ਤਾਂ ਤਿੰਨ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ਅੰਦਰ ਆ ਗਏ ਅਤੇ ਉਸ ਦੀ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਬੈਗ ਝਪਟ ਕੇ ਫ਼ਰਾਰ ਹੋ ਗਏ ਜਿਸ ਵਿੱਚ 70 ਹਜ਼ਾਰ ਰੁਪਏ, ਲੈਪਟਾਪ, 5 ਮੋਬਾਈਲ ਫੋਨ, ਡੋਂਗਲ, 2 ਪੈਨ ਡਰਾਈਵ ਸਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।