ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਫ਼ਰਵਰੀ
ਨਵਾਂ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਜਾਣ ਸਥਾਪਿਤ ਹੋਣ ਕਾਰਨ ਸਵਾਰੀਆਂ ਬੱਸਾਂ ਦੀ ਉਡੀਕ ਵਿੱਚ ਚੌਕਾਂ ਵਿੱਚ ਖੜ੍ਹਨ ਲਈ ਮਜਬੂਰ ਹਨ। ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਨੇੜਿਓਂ ਲੰਘਣ ਵਾਲੀਆਂ ਬੱਸਾਂ ਦੇ ਅੱਡੇ ਵਿੱਚ ਨਾ ਜਾਣ ਕਾਰਨ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੀ ਅਕਾਲੀ ਸਰਕਾਰ ਸਮੇਂ ਪੀਆਰਟੀਸੀ ਵੱਲੋਂ ਸ਼ਹਿਰ ਵਿੱਚ ਬਣਾਇਆ ਜਾ ਰਿਹਾ ਨਵਾਂ ਬੱਸ ਅੱਡਾ ਸ਼ਹਿਰ ਤੋਂ ਬਾਹਰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਕਾਹਨਗੜ੍ਹ ਘਰਾਚੋਂ ਦੀ ਜ਼ਮੀਨ ਵਿੱਚ ਬਣਾਇਆ ਗਿਆ ਸੀ। ਬੱਸ ਸਟੈਂਡ ਸ਼ਹਿਰ ਤੋਂ ਬਾਹਰ ਜਾਣ ਕਰਕੇ ਦੂਰ-ਦੁਰਾਡੇ ਜਾਣ ਵਾਲੀਆਂ ਬੱਸਾਂ ਸ਼ਹਿਰ ਦੇ ਬਾਈਪਾਸ ਰਸਤਿਓਂ ਸਿੱਧੀਆਂ ਲੰਘ ਜਾਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ’ਤੇ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਮਗਰੋਂ ਪਾਤੜਾਂ ਤੋਂ ਦਿੱਲੀ, ਸੰਗਰੂਰ, ਹਿਸਾਰ, ਪਟਿਆਲਾ ਅਤੇ ਚੰਡੀਗੜ੍ਹ ਆਦਿ ਸਮੇਤ ਹੋਰ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਸ਼ਹਿਰ ਵਿੱਚੋਂ ਲੰਘਣ ਲੱਗ ਗਈਆਂ ਪਰ ਲੋਕਾਂ ਦੀ ਮੁਸ਼ਕਲ ਦਾ ਕੋਈ ਹੱਲ ਨਹੀਂ ਹੋ ਸਕਿਆ ਕਿਉਂਕਿ ਬੱਸਾਂ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਅੰਦਰ ਜਾਣ ਦੀ ਬਜਾਏ ਬਾਹਰੋਂ ਬਾਹਰ ਲੰਘ ਜਾਂਦੀਆਂ ਹਨ। ਆਲਮ ਇਹ ਹੈ ਕਿ ਪਾਤੜਾਂ ਤੋਂ ਬਾਹਰਲੇ ਸ਼ਹਿਰਾਂ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਪੁਰਾਣੇ ਬੱਸ ਅੱਡੇ ਸਮੇਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਅਤੇ ਜਾਖਲ ਰੋਡ ਗੱਡਾ ਸਟੈਂਡ ਕੋਲ ਸੜਕ ਕਿਨਾਰੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ।
ਪੁਰਾਣੇ ਬੱਸ ਅੱਡੇ ਕੋਲ ਜਿੱਥੇ ਭੀੜ-ਭੜੱਕੇ ਵਾਲਾ ਇਲਾਕਾ ਹੋਣ ਕਰਕੇ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਜਾਖਲ-ਹਿਸਾਰ ਜਾਣ ਵਾਲੀਆਂ ਬੱਸਾਂ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਰੁਕਣ ਕਰਕੇ ਪਹਿਲਾਂ ਤੋਂ ਹੀ ਟਰੈਫਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਸ਼ਹਿਰ ਵਿੱਚ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ।
ਲੋਕਾਂ ਨੇ ਪੀਆਰਟੀਸੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਾਹਰਲੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਹੋ ਕੇ ਜਾਣਾ ਲਾਜ਼ਮੀ ਕਰਾਰ ਦਿੱਤਾ ਜਾਵੇ।