ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਅਪਰੈਲ
ਪਿੰਡ ਸ਼ੁਤਰਾਣਾ ਦੇ ਮੁਹੱਲਾ ਤੁੱਗੋਪਤੀ ਵਿੱਚ ਗਲੀਆਂ ਕੱਚੀਆਂ ਹਨ ਅਤੇ ਇੱਥੇ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਗਲੀਆਂ ਵਿੱਚ ਫਿਰਦੇ ਗੰਦੇ ਪਾਣੀ ਤੋਂ ਦੁਖੀ ਔਰਤਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਮੌਕੇ ਉੱਤੇ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਲੋਕਾਂ ਦੀ ਤਕਲੀਫ਼ ਸੁਣੀ। ਉਨ੍ਹਾਂ ਤੁੱਗੋ ਪੱਤੀ ਸ਼ੁਤਰਾਣਾ ਦੇ ਸਰਪੰਚ ਨੂੰ ਬੁਲਾ ਕੇ ਪੰਦਰਾਂ ਦਿਨਾਂ ਵਿੱਚ ਗਲੀ ਦਾ ਕੰਮ ਨਬਿੇੜਨ ਦੀ ਹਦਾਇਤ ਕੀਤੀ।
ਮੁਹੱਲਾ ਵਾਸੀ ਪਿੰਦਰ ਰਾਣੀ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਗਲੀਆਂ ਤੇ ਨਾਲੀਆਂ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਗੰਦਾ ਪਾਣੀ ਘਰਾਂ ਦੇ ਮੂਹਰੇ ਖੜ੍ਹਾ ਰਹਿੰਦਾ ਹੈ, ਇਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਉਨ੍ਹਾਂ ਦੀ ਗੱਲ ਨਾ ਸੁਣੇ ਜਾਣ ਕਾਰਨ ਉਹ ਧਰਨਾ ਲਾਉਣ ਦਾ ਪ੍ਰੋਗਰਾਮ ਉਲੀਕ ਰਹੀਆਂ ਸਨ ਪਰ ਵਿਧਾਇਕ ਵੱਲੋਂ ਮਿਲੇ ਭਰੋਸੇ ਕਰਨ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਗੋ ਬਾਈ, ਅੰਜੂ ਰਾਣੀ, ਸੋਨੀਆ ਰਾਣੀ, ਕੁਲਵੰਤ ਕੌਰ, ਕੰਵਲਜੀਤ ਕੌਰ ਅਤੇ ਕਮਲੇਸ਼ ਕੌਰ ਆਦਿ ਹਾਜ਼ਰ ਸਨ।
ਗਲੀ ਦਾ ਮੁਆਇਨਾ ਕਰਨ ਮਗਰੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਮਹਿਲਾ ਸਰਪੰਚ ਦੇ ਪਤੀ ਗਰੀਬ ਦਾਸ ਨੂੰ ਵੀ ਮੌਕੇ ’ਤੇ ਬੁਲਾ ਲਿਆ ਅਤੇ ਤਾੜਨਾ ਕੀਤੀ ਕਿ ਹੁਣ ਆਮ ਲੋਕਾਂ ਦਾ ਰਾਜ ਹੈ ਪਹਿਲਾਂ ਵਾਲੀਆਂ ਮਨਮਾਨੀਆਂ ਨਹੀਂ ਚੱਲਣਗੀਆਂ ਅਤੇ ਪੰਦਰਾਂ ਦਿਨਾਂ ਵਿਚ ਗਲੀਆਂ ਤੇ ਨਾਲੀਆਂ ਦਾ ਕੰਮ ਮੁਕੰਮਲ ਕਰਵਾਇਆ ਜਾਵੇ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਸਰਪੰਚ ਦੇ ਪਤੀ ਗ਼ਰੀਬ ਦਾਸ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਜਲਦ ਤੋਂ ਜਲਦ ਕੰਮ ਨਬਿੇੜ ਦਿੱਤਾ ਜਾਵੇ।