ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਇਲਾਕੇ ਦੇ ਪਿੰਡ ਸੂਲਰ ਦੀ ਜੇਪੀ ਕਲੋਨੀ ਵਿੱਚ ਕੰਧ ਟੱਪ ਕੇ ਇਕ ਵਿਅਕਤੀ ਘਰ ਵਿੱਚ ਦਾਖਲ ਹੋ ਗਿਆ ਤੇ ਮਾਲਕਣ ਨੂੰ ਡਰਾ ਧਮਕਾ ਕੇ ਦਸ ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਵਸਤਾਂ ਚੋਰੀ ਕਰ ਲਈਆਂ। ਘਟਨਾ ਦਾ ਸ਼ਿਕਾਰ ਹੋਈ ਸਲੋਚਨਾ ਨਾਂ ਦੀ ਵਿਧਵਾ ਮਹਿਲਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਦਿਨ ਦੇ ਕਰੀਬ 12 ਵਜੇ ਉਹ ਜਦੋਂ ਆਪਣੇ ਘਰ ਵਿੱਚ ਹਾਜ਼ਰ ਸੀ ਤਾਂ ਕੋਈ ਅਣਪਛਾਤਾ ਵਿਅਕਤੀ ਕੰਧ ਟੱਪ ਕੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਗਿਆ ਤੇ ਉਸ ਨੂੰ ਡਰਾ ਕੇ ਘਰ ਵਿੱਚੋਂ 10 ਹਜ਼ਾਰ ਰੁਪਏ, ਕੁਝ ਕੱਪੜੇ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਿਆ। ਥਾਣਾ ਪਸਿਆਣਾ ਦੀ ਪੁਲੀਸ ਨੇ ਕੇਸ ਦਰਜ ਕਰਕੇ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।