ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਖਾਕਟਾਂ ਕਲਾਂ ਸਥਿਤ ਸ਼ਰਾਬ ਦੇ ਠੇਕੇ ਵਿਚੋਂ ਚੋਰਾਂ ਨੇ 35 ਪੇਟੀਆਂ ਸ਼ਰਾਬ ਸਮੇਤ ਹੋਰ ਸਾਜੋ ਸਾਮਾਨ ਵੀ ਚੋਰੀ ਕਰ ਲਿਆ। ਇਸ ਸਬੰਧੀ ਠੇਕੇ ਦੇ ਸੈਲਜ਼ਮੈਨ ਅਰਜਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਮਯੋਰੀ ਥਾਣਾ ਲੋਹਾਘਾਟ ਉਤਰਾਖੰਡ ਹਾਲ ਵਾਸੀ ਪਟਿਆਲਾ ਵੱਲੋਂ ਪੁਲੀਸ ਕੋਲ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਨੌਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 457 ਅਤੇ 380 ਤਹਿਤ ਕੇਸ ਦਰਜ ਕਰਕੇ ਅਗਲਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਰਾਤ ਸਮੇਂ ਵਾਪਰੀ ਇਸ ਘਟਨਾ ਦੌਰਾਨ ਚੋਰ ਠੇਕੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਜਿਸ ਦੌਰਾਨ ਉਨ੍ਹਾਂ ਨੇ ਠੇਕੇ ਵਿੱਚੋਂ 35 ਪੇਟੀਆਂ ਸ਼ਰਾਬ ਦੀਆਂ ਚੋਰੀ ਕਰ ਲਈਆਂ। ਇਸ ਵਿਚੋਂ 27 ਪੇਟੀਆਂ ਸ਼ਰਾਬ ਦੇਸੀ, 4 ਪੇਟੀਆਂ ਸ਼ਰਾਬ ਅੰਗਰੇਜ਼ੀ ਸਮੇਤ 4 ਪੇਟੀਆ ਬੀਅਰ ਦੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚੋਰ ਗੈਸ ਸਿਲੰਡਰ, ਇਨਵਰਟਰ ਅਤੇ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਏ।
ਹਸਪਤਾਲ ਦੀ ਪਾਰਕਿੰਗ ਵਿਚੋਂ ਕਾਰ ਚੋਰੀ
ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪਾਰਕਿੰਗ ਵਿੱਚੋਂ ਕਾਰ ਚੋਰੀ ਹੋ ਗਈ। ਇਸ ਸਬੰਧੀ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੁਬਾਣਾ ਟੇਕੂ ਥਾਣਾ ਸਦਰ ਨਾਭਾ ਵੱਲੋਂ ਪੁਲੀਸ ਕੋਲ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧੀ ਰਾਜਿੰਦਰਾ ਹਸਪਤਾਲ ਦੀ ਪੁਲੀਸ ਚੌਕੀ ਦੇ ਇੰੰਚਾਰਜ ਜਪਨਾਮ ਸਿੰਘ ਵਿਰਕ ਦਾ ਕਹਿਣਾ ਸੀ ਕਿ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਕੇਸ ਦਰਜ ਕੀਤਾ ਹੈ।