ਸ਼ਾਹਬਾਜ਼ ਸਿੰਘ
ਘੱਗਾ, 30 ਮਈ
ਕਰੋਨਾ ਮਹਾਮਾਰੀ ਦੌਰਾਨ ਨਵਾਂ ਪਿੰਡ ਕਲਵਾਣੂ ਦੇ ਨੌਜਵਾਨਾਂ ਨੇ ਰਲ ਕੇ ਆਪਣੇ ਖਰਚ ਉੱਤੇ ਪਿੰਡ ਦੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਵਿੱਚ ਫੈਲੀ ਹੋਈ ਛੱਪੜ ਦੇ ਗੰਦੇ ਪਾਣੀ ਦੀ ਬਦਬੂ ਤੋਂ ਪਿੰਡ ਵਾਸੀ ਕਾਫੀ ਦੇਰ ਤੋਂ ਤੰਗ ਹੋ ਰਹੇ ਸੀ ਅਤੇ ਛਪੜ ਵਿੱਚ ਗਾਦ ਜਮ੍ਹਾਂ ਹੋਣ ਕਾਰਨ ਗਲੀਆਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਰੁਕ ਗਈ ਸੀ। ਪਿੰਡ ਦੇ ਨੌਜਵਾਨਾਂ ਨੇ ਕਰੋਨਾ ਮਹਾਮਾਰੀ ਦੌਰਾਨ ਪਿੰਡ ਦੇ ਸਵੱਛ ਵਾਤਾਵਰਣ ਲਈ ਪਿੰਡ ਦੇ ਸਹਿਯੋਗ ਨਾਲ ਘਰਾਂ ਪ੍ਰਤੀ ਪੈਸੇ ਇਕੱਤਰ ਕਰਕੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਲਈ ਨਾ ਕੋਈ ਸਿਆਸੀ ਆਗੂ ਤੇ ਨਾ ਹੀ ਪ੍ਰਸ਼ਾਸਨ ਨੇ ਨੌਜਵਾਨਾਂ ਦੀ ਪਿੱਠ ਥਾਪੜੀ ਹੈ। ਪਿੰਡ ਦੇ ਨੌਜਵਾਨ ਜਸਵੰਤ ਸਿੰਘ ਨੇ ਦੱਸਿਆ ਕਿ ਛੱਪੜ ਵਿਚੋਂ ਗਾਰਾ ਕੱਢਣ ਲਈ ਪਹਿਲਾਂ ਜੇਸੀਬੀ ਮਸ਼ੀਨ ਲਾਈ ਸੀ ਲੇਕਿਨ ਕੰਮ ਫਸਦਾ ਵੇਖ ਸੰਗਰੂਰ ਤੋਂ ਪੋਕਲੇਨ ਮਸ਼ੀਨ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋ ਆਪਣੀਆਂ ਟਰਾਲੀਆਂ ਰਾਹੀਂ ਛੱਪੜ ਵਿਚੋਂ ਕੱਢੀ ਜਾ ਰਹੀ ਗਾਰ ਨੂੰ ਖੇਤਾਂ ਵਿੱਚ ਪੁਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 15 ਫੁੱਟ ਤੱਕ ਖੁਦਾਈ ਕੀਤੀ ਜਾਵੇਗੀ ਤਾਂ ਜੋ ਪਿੰਡ ਦਾ ਗੰਦਾ ਪਾਣੀ ਛੱਪੜ ਵਿੱਚ ਆ ਸਕੇ।ਉਨ੍ਹਾਂ ਕਿਹਾ ਕਿ ਇਸ ਕੰਮ ਉੱਤੇ ਤਿੰਨ ਲੱਖ ਦੇ ਕਰੀਬ ਖਰਚ ਹੋ ਗਿਆ ਹੈ ਅਤੇ ਹੁਣ ਬੱਚਿਆਂ ਅਤੇ ਬਜ਼ੁਰਗਾਂ ਦੀ ਛੱਪੜ ਤੋਂ ਸੁਰੱਖਿਆ ਲਈ ਛੱਪੜ ਦੇ ਚਾਰ ਚੁਫੇਰੇ ਦਿਵਾਰ ਕਰਕੇ ਰੇਲਿੰਗ ਲਾਏ ਜਾਣ ਦੀ ਲੋੜ ਹੈ ਜਿਸ ਨਾਲ ਪਿੰਡ ਦੇ ਛੱਪੜ ਦਾ ਵਾਤਾਵਰਣ ਵੀ ਸੁਹਾਵਣਾ ਹੋ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਚ ਨਵਾਂ ਪਿੰਡ ਕਲਵਾਣੂ ਦੇ ਛੱਪੜ ਦੀ ਮੁਰੰਮਤ ਲਈ ਸਰਵੇਖਣ ਕਰਵਾ ਕੇ ਗਰਾਂਟ ਜਾਰੀ ਕਰਨ ਤਾਂ ਜੋ ਛੱਪੜ ਦਾ ਅਗਲਾ ਕੰਮ ਮੁਕੰਮਲ ਹੋ ਸਕੇ।