ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੁਲਾਈ
ਆਮ ਆਦਮੀ ਪਾਰਟੀ ਮਹਿਲਾ ਵਿੰਗ ਪਟਿਆਲਾ ਨੇ ਅੱਜ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਔਰਤਾਂ ਨੇ ਹੱਥਾਂ ’ਤੇ ਮਹਿੰਦੀ ਲਾ ਕੇ ਅਤੇ ਭਾਂਤ-ਭਾਂਤ ਰੰਗਾਂ ਦੇ ਸੂਟ ਪਾ ਕੇ ਗਿੱਧਾ ਪਾਇਆ।
ਇਸ ਦੌਰਾਨ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਨੇ ਕਿਹਾ ਕਿ ਧੀਆਂ ਧਿਆਣੀਆਂ ਸਾਉਣ ਮਹੀਨੇ ਘਰ ਵਿਚ ਖ਼ੁਸ਼ੀ ਖੇੜੇ ਤੇ ਕਲਿਆਣ ਲਿਆਉਣ ਲਈ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਇਹ ਤਿਉਹਾਰ ਰਾਜਸਥਾਨ, ਹਰਿਆਣਾ, ਪੰਜਾਬ ਸਮੇਤ ਗੁਆਂਢੀ ਮੁਲਕ ਨੇਪਾਲ ਵਿੱਚ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨੂੰ ਹਰਿਆਲੀ ਤੀਜ ਵਜੋਂ ਵੀ ਮਨਾਇਆ ਜਾਂਦਾ ਹੈ, ਜਿਸ ਵਿੱਚ ਔਰਤਾਂ ਚੰਦ ਦੀ ਪੂਜਾ ਕਰਦੀਆਂ ਹਨ, ਤੀਜ ਦੌਰਾਨ ਨਿੰਮ ਦੇ ਦਰੱਖਤ ਦੀ ਪੂਜਾ ਕੀਤੀ ਜਾਂਦੀ ਹੈ ਤੇ ਹਰੀ-ਤਾਲਿਕਾ ਤੀਜ ਦੌਰਾਨ ਔਰਤਾਂ ਆਪਣੇ ਵਰ ਦੀ ਲੰਮੀ ਉਮਰ ਦੀ ਪੂਜਾ ਕਰਦੀਆਂ ਹਨ। ਉੱਤਰੀ ਭਾਰਤ ਵਿੱਚ ਇਸ ਤਿਉਹਾਰ ਨੂੰ ਮੀਂਹ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਅੱਜ ‘ਆਪ’ ਦੀ ਮਹਿਲਾ ਵਿੰਗ ਨੇ ਤੀਜ ਮਨਾਉਣ ਵਾਲੀਆਂ ਮੁਟਿਆਰਾਂ ਨੂੰ ਵਧਾਈ ਦਿੱਤੀ ਤੇ ਭਾਰਤੀ ਸਭਿਅਤਾ ਦੀ ਪ੍ਰਫੁੱਲਤਾ ਦਾ ਅਹਿਦ ਲਿਆ। ਇਸ ਮੌਕੇ ਪਰਮਜੀਤ ਕੌਰ ਚਹਿਲ, ਦਰਸ਼ਨ ਕੌਰ, ਸ਼ਸੀਬਾਲਾ, ਗੁਰਦੀਪ ਕੌਰ, ਸੋਨੀਆ ਸ਼ਰਮਾ, ਮੀਨਾਕਸ਼ੀ, ਰੂਬੀ ਭਾਟੀਆ, ਮਨਪ੍ਰੀਤ, ਸੋਨੂੰ, ਅਰਵਿੰਦਰ ਸਮੇਤ ਵੱਡੀ ਗਿਣਤੀ ’ਚ ਮਹਿਲਾ ਵਾਲੰਟੀਅਰ ਮੌਜੂਦ ਸਨ।