ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਅਕਤੂਬਰ
ਸ਼ਹਿਰ ਦੇ ਪਟਿਆਲਾ ਰੋਡ ’ਤੇ ਸਥਿਤ ਵਾਰਡ ਨੰਬਰ ਇੱਕ ਦੇ ਇਕ ਘਰ ਵਿੱਚ ਨੌਜਵਾਨ ਦੀ ਲਾਸ਼ ਪੱਖੇ ਵਾਲੀ ਕੁੰਡੀ ਨਾਲ ਲਟਕਦੀ ਹੋਈ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਸਿਟੀ ਪੁਲੀਸ ਪਾਤੜਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦਾ ਪਿਤਾ ਬੀਰੂ ਰਾਮ ਸਾਉਣੀ ਦੇ ਸੀਜ਼ਨ ਦੌਰਾਨ ਮੱਧ ਪ੍ਰਦੇਸ਼ ਵਿਚ ਕੰਬਾਈਨ ਉੱਤੇ ਮਜ਼ਦੂਰੀ ਕਰਨ ਗਿਆ ਹੋਇਆ ਸੀ ਅਤੇ ਘਰ ਵਿੱਚ ਉਸ ਦੀ ਪਤਨੀ ਤੇ ਪੁੱਤਰ ਰਹਿੰਦੇ ਸਨ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲਈ ਸਵੇਰੇ ਚਲੀ ਗਈ ਸੀ ਤੇ ਜਦੋਂ ਵਾਪਸ ਆਈ ਤਾਂ ਦੇਖਿਆ ਕਿ ਉਸ ਦੇ ਲੜਕੇ ਸ਼ੈਂਟੀ (17) ਦੀ ਲਾਸ਼ ਪੱਖੇ ਵਾਲੀ ਕੁੰਡੀ ਨਾਲ ਲਟਕ ਰਹੀ ਸੀ। ਸ਼ੈਂਟੀ ਘਰ ਵਿੱਚ ਇਕੱਲਾ ਸੀ ਪਰ ਉਸ ਦੀ ਲਾਸ਼ ਕੋਲ ਜੂਸ ਦੇ ਚਾਰ ਖਾਲੀ ਗਲਾਸ ਪਏ ਸਨ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਲੜਕੇ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਕਿਸੇ ਨੇ ਉਸ ਦਾ ਕਤਲ ਕੀਤਾ ਹੈ। ਸਿਟੀ ਚੌਕੀ ਦੇ ਇੰਚਾਰਜ ਬੀਰਬਲ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।