ਰਾਜਪੁਰਾ (ਪੱਤਰ ਪ੍ਰੇਰਕ): ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾਂ ਨਹਿਰ ਵਿੱਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਬੀਤੇ ਦਿਨ ਇਸੇ ਨਹਿਰ ਵਿੱਚ ਨਹਾਉਣ ਗਏ ਦੋ ਸਕੂਲੀ ਵਿਦਿਆਰਥੀ ਡੁੱਬ ਗਏ ਸੀ। ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰਾਂ ਅਤੇ ਰਜਵਾਹਿਆਂ ਵਿੱਚ ਨਹਾਉਣ ਤੋਂ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਅਜੇ ਵੀ ਰੋਜ਼ਾਨਾ ਵੱਡੀ ਗਿਣਤੀ ਲੋਕ ਨਹਿਰਾਂ ਵਿੱਚ ਨਹਾਉਂਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਆਪਣੇ ਨਾਨਕੇ ਪਿੰਡ ਖਾਨਪੁਰ ਬੜਿੰਗ ਰਹਿੰਦਾ ਨੌਜਵਾਨ ਵਿਜੈ ਕੁਮਾਰ (19) ਆਪਣੇ ਹੋਰ ਦੋਸਤਾਂ ਨਾਲ ਅੱਜ ਦੁਪਹਿਰ ਵੇਲੇ ਪਿੰਡ ਖੇੜੀ ਗੰਡਿਆਂ ਨੇੜੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਨਹਾਉਣ ਲਈ ਆਇਆ। ਜਦੋਂ ਉਹ ਨਹਿਰ ਵਿੱਚ ਨਹਾਉਣ ਲਈ ਉਤਰਿਆ ਤਾਂ ਉਹ ਪਾਣੀ ਦੇੇ ਤੇਜ਼ ਵਹਾਅ ਵਿੱਚ ਵਹਿ ਗਿਆ। ਜਦੋਂ ਕਿ ਉਸ ਦੇ ਦੋਸਤ ਮੌਕੇ ਤੋਂ ਭੱਜ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਥਾਣਾ ਖੇੜੀ ਗੰਡਿਆਂ ਦੇ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਨੌਜਵਾਨ ਵਿਜੈ ਕੁਮਾਰ ਦੀ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰਕੇ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ।