ਖੇਤਰੀ ਪ੍ਰਤੀਨਿਧ
ਪਟਿਆਲਾ, 18 ਮਈ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਜ ਇਥੇ ਸ਼ੰਕਰਪੁਰ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਨੂੰ ਗੋਲ਼ੀ ਵੀ ਮਾਰ ਦਿੱਤੀ ਗਈ। ਪਰ ਕੁਦਰਤੀ ਇਹ ਗੋਲ਼ੀ ਉਸ ਦੇ ਪੱਟ ’ਚ ਲੱਗੀ। ਜ਼ਖ਼ਮੀ ਹੋਇਆ ਜਗਮੀਤ ਸਿੰਘ ਨਾਮ ਦਾ ਇਹ ਨੌਜਵਾਨ ਸ਼ੰਕਰਪੁਰ ਪਿੰਡ ਦਾ ਰਹਿਣ ਵਾਲ਼ਾ ਹੈ। ਜਦਕਿ ਗੋਲ਼ੀ ਮਾਰਨ ਵਾਲ਼ੇ ਨੌਜਵਾਨ ਦਾ ਨਾਮ ਅਮਰਜੀਤ ਸਿੰਘ ਹੈ, ਮੁਹੱਬਤਪੁਰ ਪਿੰਡ ਦਾ ਵਸਨੀਕ ਹੈ। ਭਾਵੇਂ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਮੁਢਲੀ ਤਫ਼ਤੀਸ਼ ਦੌਰਾਨ ਗੋਲ਼ੀ ਮਾਰਨ ਦੀ ਇਹ ਘਟਨਾ ਦੋਵਾਂ ਧਿਰਾਂ ਦਰਮਿਆਨ ਕਿਸੇ ਮਾਮਲੇ ਨੂੰ ਲੈ ਕੇ ਚੱਲੀ ਆ ਰਹੀ ਰੰਜਿਸ਼ ਦਾ ਸਿੱਟਾ ਹੈ। ਗੋਲ਼ੀ ਵੱਜਣ ਨਾਲ ਜ਼ਖਮੀ ਹੋਏ ਜਗਮੀਤ ਸਿੰਘ ’ਤੇ ਗੰਭੀਰ ਕਿਸਮ ਦੇ ਦੋਸ਼ ਲਾਏ ਜਾ ਰਹੇ ਹਨ। ਜਿਕਰਯੋਗ ਹੈ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਸ਼ੰਕਰਪੁਰ ਵਿਖੇ ਧਾਰਮਿਕ ਸਮਾਗਮ (ਦੀਵਾਨ ਸਜਾਏ ਹੋਏ ਸਨ) ਚੱਲ ਰਿਹਾ ਸੀ। ਸਮਾਗਮ ਦੌਰਾਨ ਬਾਹਰ ਖੜ੍ਹੇ ਜਗਮੀਤ ਸਿੰਘ ’ਤੇ ਇਹ ਹਮਲਾ ਹੋਇਆ ਜਿਸ ਦੇ ਦੱਸਣ ਮੁਤਾਬਿਕ ਉਸ ’ਤੇ ਇਹ ਗੋਲ਼ੀ ਅਮਰਜੀਤ ਸਿੰਘ ਨੇ ਚਲਾਈ ਹੈ।
ਇਸੇ ਦੌਰਾਨ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ ਇੰਸਪੈਕਟਰ ਗੁਰਚਰਨ ਸਿੰਘ ਖੰਡੇਵਾਦ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਸਬੰਧੀ ਜ਼ਖਮੀ ਹੋਏ ਜਗਮੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਵਿਖੇ ਅਮਰਜੀਤ ਸਿੰਘ ਸਮੇਤ ਦਰਜਨ ਭਰ ਵਿਅਕਤੀਆਂ ਦੇ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਸਮੇਤ 323, 341, 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂਂ ਹੋਰ ਦੱਸਿਆ ਕਿ ਇਸ ਮਾਮਲੇ ਦੇ ਤਫ਼ਤੀਸ਼ੀ ਅਫਸਰ ਪੁਲੀਸ ਚੌਕੀ ਬਹਾਦਰਗੜ੍ਹ ਵਿਖੇ ਤਾਇਨਾਤ ਏਐਸਆਈ ਸਰਬਜੀਤ ਸਿੰਘ ਹਨ।