ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਈ
ਸ਼ਹਿਰ ਦੇ ਐੱਸਐੱਸਟੀ ਨਗਰ ਖੇਤਰ ਦੇ ਵਸਨੀਕ ਦਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਆਪਣੀ ਬਰਾਤ ਤੋਂ ਇੱਕ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ। ਭਾਵੇਂ ਉਸ ਨੇ ਦੋਵੇਂ ਗੁੱਟਾਂ ਕੋਲੋਂ ਆਪਣੀਆਂ ਨਸਾਂ ਕੱਟਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੌਤ ਦਾ ਮੁੱਖ ਕਾਰਨ ਸਲਫਾਸ ਖਾਣਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਲੰਘੀ ਰਾਤ ਵਾਪਰੀ ਜਿਸ ਦਾ ਪਰਿਵਾਰ ਨੂੰ ਅੱਜ ਤੜਕੇ ਪਤਾ ਲੱਗਿਆ।
ਜਾਣਕਾਰੀ ਅਨੁਸਾਰ 35 ਸਾਲਾ ਦਵਿੰਦਰ ਸਿੰਘ ਸਥਾਨਕ ਸ਼ਹਿਰ ’ਚ ਹੀ ਸਰਕਾਰੀ ਅਦਾਰੇ ’ਚ ਆਊਟ ਸੋਰਸਿੰਗ ਸਿਸਟਮ ਤਹਿਤ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਉਸ ਦਾ 2 ਮਈ ਨੂੰ ਵਿਆਹ ਹੋਣਾ ਸੀ। ਇਸ ਸਬੰਧੀ ਪਹਿਲੀ ਮਈ ਨੂੰ ਸਹੁਰੇ ਪਰਿਵਾਰ ਵੱਲੋਂ ਉਸ ਦੇ ਘਰ ਉਸ ਨੂੰ ਸ਼ਗਨ ਪਾਉਣ ਲਈ ਆਉਣਾ ਸੀ। ਪਰਿਵਾਰ ਨੇ ਇੱਥੇ ਸਰਹਿੰਦ ਰੋਡ ’ਤੇ ਸਥਿਤ ਸਿਲਵਰ ਓਕ ਨਾਮ ਦਾ ਮੈਰਿਜ ਪੈਲੇਸ ਬੁੱਕ ਕੀਤਾ ਹੋਇਆ ਸੀ। ਘਰ ’ਚ ਵਿਆਹ ਦੀਆਂ ਤਿਆਰੀਆਂ ਮੁਕੰਮਲ ਸਨ ਤੇ ਘਰ ਨੂੰ ਸਜਾਇਆ ਜਾ ਰਿਹਾ ਸੀ।
ਦਵਿੰੰਦਰ ਸਿੰਘ ਰਾਤ ਨੂੰ ਚੰਗਾ ਭਲਾ ਆਪਣੇ ਕਮਰੇ ’ਚ ਪਿਆ ਸੀ ਪਰ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਸਵੇਰੇ ਕਮਰੇ ਵਿੱਚੋਂ ਉਸ ਦੀ ਲਾਸ਼ ਮਿਲੀ। ਭਾਵੇਂ ਇਸ ਸਬੰਧੀ ਪੁਲੀਸ ਵੱਲੋਂ ਅਜੇ ਮੁਕੰਮਲ ਜਾਂਚ ਕੀਤੀ ਜਾਣੀ ਹੈ, ਪਰ ਮੁਢਲੀ ਤਫ਼ਤੀਸ਼ ਮੁਤਾਬਿਕ ਉਸ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ ਹੈ। ਉਂਜ ਦੋਵੇਂ ਬਾਂਹਾਂ ਦੀਆਂ ਨਸਾਂ ਵੀ ਕੱਟੀਆਂ ਹੋਈਆਂ ਸਨ।
ਇਤਲਾਹ ਮਿਲਣ ’ਤੇ ਥਾਣਾ ਲਾਹੌਰੀ ਗੇਟ ਦੇ ਨਵੇਂ ਆਏ ਐੱਸ.ਐੱਚ.ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਆਈ ਪੁਲੀਸ ਟੀਮ ਨੇ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪਹੁੰਚਾਈ। ਉੱਥੇ ਪਰਿਵਾਰ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਤੋਂ ਬਾਅਦ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਇਸ ਸਬੰਧੀ ਕਿਸੇ ਦੇ ਖ਼ਿਲਾਫ਼ ਵੀ ਕੋਈ ਕਾਰਵਾਈ ਨਾ ਕਰਦਿਆਂ ਧਾਰਾ 174 ਅਧੀਨ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।