ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਜੰਗਲਾਤ ਕਾਮਿਆਂ ਵੱਲੋਂ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਵਿਰੁੱਧ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਜੰਗਲਾਤ ਮੰਤਰੀ ਦੀ ਅਰਥੀ ਸਾੜੀ ਗਈ। ਇਸ ਮੌਕੇ ਕਾਮਿਆਂ ਨੇ ਪ੍ਰਦਰਸ਼ਨ ਵੀ ਕੀਤਾ। ਆਗੂ ਦਰਸ਼ਨ ਸਿੰਘ ਲੁਬਾਣਾ ਤੇ ਜਗਮੋਹਨ ਨੋਲੱਖਾ ਨੇ ਕਿਹਾ ਕਿ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਸਮੇਤ ਜੰਗਲਾਤ ਵਿਭਾਗ ਦੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਕਰਮੀਆਂ ਨੂੰ ‘ਛੇਵਾਂ ਮਹੀਨਾ’ ਮੁੱਕਣ ਕਿਨਾਰੇ ਹੋਣ ’ਤੇ ਵੀ ਤਨਖ਼ਾਹਾਂ ਦਾ ਭੁਗਤਾਨ ‘ਆਪ’ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਘਰਾਂ ਦੀ ਹਾਲਤ ਬੇਹਾਲ ਹੋਣ ਕਾਰਨ ਮੁਲਾਜ਼ਮ ਬਹੁਤ ਪ੍ਰੇਸ਼ਾਨ ਹਨ ਪਰ ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਅਤੇ ਵਿਭਾਗੀ ਮੰਤਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਮੁਲਾਜ਼ਮਾਂ ਦਾ ਵਿਸ਼ਾਲ ਕਾਫ਼ਲਾ ਵਣ ਮੰਤਰੀ ਤੇ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਰੋਸ ਮੁਜ਼ਾਹਰਾ ਕਰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪਹੁੰਚਿਆ ਤੇ ਰੈਲੀ ਕਰਨ ਉਪਰੰਤ ਅਰਥੀ ਨੂੰ ਅਗਨ ਭੇਟ ਕੀਤਾ। ਇਸ ਮੌਕੇ ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਅਮਰਨਾਥ, ਰਾਮ ਲਾਲ ਰਾਮਾ, ਗੁਰਿੰਦਰ ਗੁਰੀ, ਸ਼ਾਮ ਲਾਲ, ਗੁਰਮੀਤ ਸਿੰਘ, ਤਰਲੋਚਨ ਮਾੜੂ, ਦਰਸ਼ਨ ਸਿੰਘ ਮਲੇਵਾਲ, ਬਲਜਿੰਦਰ ਨਾਭਾ, ਗੁਰਮੇਲ ਬੰਮਣਾ, ਤਰਲੋਚਨ ਮੰਡੋਲੀ, ਗੁਰਪ੍ਰੀਤ ਖਰੜ, ਹਮੀਰ ਲਹਿਰਾਗਾਗਾ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਧਰਮਪਾਲ, ਪ੍ਰਕਾਸ਼ ਸਿੰਘ ਲੁਬਾਣਾ, ਸੁਭਾਸ਼, ਬੰਸੀ ਲਾਲ, ਨਛੱਤਰ ਲਾਲੜੂ, ਜਸਵੀਰ ਕੌਰ, ਗੁਰਮੀਤ ਨਾਭਾ ਆਦਿ ਹਾਜ਼ਰ ਸਨ।