ਸੁਭਾਸ਼ ਚੰਦਰ
ਸਮਾਣਾ, 31 ਅਗਸਤ
ਭਾਰਤੀ ਰਿਜ਼ਰਵ ਬੈਂਕ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਲੋਕਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਨਾ ਲੈਣ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ ਇਕ ਫਾਇਨਾਂਸ ਕੰਪਨੀ ਦੇ ਕਰਿਦਿੰਆਂ ਵੱਲੋਂ ਕਥਿਤ ਤੌਰ ’ਤੇ ਅੱਜ ਇੱਥੋਂ ਦੇ ਵਾਲਮੀਕ ਮੁਹੱਲੇ ਦੀ ਇਕ ਔਰਤ ਨੂੰ ਦੋ ਘੰਟੇ ਬੰਦੀ ਬਣਾ ਕੇ ਰੱਖਿਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਔਰਤਾਂ ਨੇ ਪੁਲੀਸ ਥਾਣੇ ਅੱਗੇ ਰੋਸ ਮੁਜ਼ਾਹਰਾ ਕਰ ਕੇ ਕੰਪਨੀ ਦੇ ਕਰਿੰਦਿਆ ਖ਼ਿਲਾਫ਼ ਕਾਰਵਈ ਦੀ ਮੰਗ ਕੀਤੀ। ਪੀੜਤ ਔਰਤ ਸੋਨੀਆ ਪਤਨੀ ਗੁਲਸ਼ਨ ਕੁਮਾਰ ਵਾਸੀ ਵਾਲਮੀਕ ਮੁਹੱਲਾ ਨੇ ਦੱਸਿਆ ਕਿ ਉਸ ਨੇ ਉਕਤ ਫਾਇਨਾਂਸ ਕੰਪਨੀ ਤੋਂ ਕਰਜ਼ਾ ਲੈ ਕੇ ਕੰਮ ਕੀਤਾ ਸੀ ਜਿਸ ਦੀਆਂ ਕਿਸ਼ਤਾਂ ਉਹ ਸਮੇਂ ਸਿਰ ਭਰ ਰਹੀ ਸੀ ਪਰ ਮਾਰਚ ਮਹੀਨੇ ’ਚ ਲੌਕਡਾਊਨ ਲੱਗਣ ਕਰ ਕੇ ਉਨ੍ਹਾਂ ਦਾ ਰੇਹੜੀ ਆਦਿ ਦਾ ਕੰਮ ਬੰਦ ਹੋ ਗਿਆ ਜਿਸ ਕਰਕੇ ਉਹ ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰਥ ਹਨ। ਉਸ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਕੰਪਨੀ ਦੇ ਕਰਿੰਦਿਆਂ ਨੇ ਜਬਰੀ ਕਿਸ਼ਤਾਂ ਦੀ ਮੰਗ ਕਰ ਕੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਤੇ ਦੋ ਘੰਟੇ ਬੰਦੀ ਬਣਾ ਕੇ ਰੱਖਿਆ। ਉਸ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਾਉਣ ਲਈ 60 ਦੇ ਕਰੀਬ ਔਰਤਾਂ ਥਾਣਾ ਸਿਟੀ ਗਈਆਂ ਸਨ ਪਰ ਪੁਲੀਸ ਨੇ ਸਹੀ ਵਿਵਹਾਰ ਨਹੀਂ ਕੀਤਾ। ਇਸ ’ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨਾਲ ਮਿਲ ਕੇ ਅੱਜ ਔਰਤਾਂ ਨੇ ਥਾਣੇ ਅੱਗੇ ਧਰਨਾ ਲਗਾ ਕੇ ਕੰਪਨੀ ਦੇ ਕਰਿੰਦਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਕਾਰਵਾਈ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਥਾਣਾ ਸਿਟੀ ਦੇ ਇੰਚਾਰਜ ਬੀਰਬਲ ਸ਼ਰਮਾ ਨੇ ਕਿਹਾ ਕਿ ਦੋਹਾਂ ਧਿਰਾਂ ਨੂੰ ਸੱਦ ਕੇ ਫੈਸਲਾ ਕਰਾਇਆ ਜਾਵੇਗਾ ਤੇ ਲੋੜ ਪੈਣ ’ਤੇ ਕੰਪਨੀ ਦੇ ਕਰਿੰਦਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।।