ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 11 ਜੂਨ
ਬੀਤੀ ਰਾਤ ਦੇਵੀਗੜ੍ਹ ਇਲਾਕੇ ਵਿੱਚ ਜ਼ੋਰਦਾਰ ਹਨੇਰੀ ਆਉਣ ਅਤੇ ਇਸ ਮਗਰੋਂ ਪਏ ਮੀਂਹ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਤੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲਗਪਗ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇੱਕ ਘੱਟਾ ਚੱਲੀ ਇਸ ਹਨੇਰੀ ਕਾਰਨ ਕਈ ਥਾਈਂ ਸੜਕਾਂ, ਖੇਤਾਂ ਅਤੇ ਰਿਹਾੲਸ਼ੀ ਇਲਾਕਿਆਂ ਵਿੱਚ ਦਰੱਖ਼ਤ ਡਿੱਗਣ ਕਾਰਨ ਕੋਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ-ਦੇਵੀਗੜ੍ਹ-ਪਹੇਵਾ ਮਾਰਗ ’ਤੇ ਇੱਕ ਭਾਰਾ ਦਰੱਖ਼ਤ ਡਿੱਗਣ ਕਾਰਨ ਕਾਫਾ ਸਮਾਂ ਆਵਾਜਾਈ ਪ੍ਰਭਾਵਤ ਰਹੀ। ਦਰੱਖ਼ਤ ਵੱਢ ਕੇ ਪਾਸੇ ਕਰਨ ਤੋਂ ਬਾਅਦ ਆਵਾਜਾਈ ਬਹਾਲ ਹੋਈ। ਇਸੇ ਤਰ੍ਹਾਂ ਹੀ ਪਿੰਡ ਹਾਜੀਪੁਰ ਵਿੱਚ ਵੀ ਇੱਕ ਕਿਸਾਨ ਦਾ ਡੰਗਰਾਂ ਵਾਲਾ ਸ਼ੈੱਡ ਡਿੱਗਾ, ਜਿਸ ਨਾਲ ਕਈ ਪਸ਼ੂ ਜ਼ਖ਼ਮੀ ਹੋ ਗਏ ਹਨ। ਬਿਜਲੀ ਗਰਿੱਡ ਦੇਵੀਗੜ੍ਹ ਅਧੀਨ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਖੰਭੇ ਡਿੱਗ ਗਏ ਹਨ, ਜਿਸ ਕਾਰਨ ਇਲਾਕੇ ਵਿੱਚ ਰਾਤ ਤੋਂ ਹੀ ਬਿਜਲੀ ਠੱਪ ਪਈ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇਲਾਕੇ ਵਿੱਚ ਇਸ ਤੇਜ਼ ਝੱਖੜ ਦਾ ਸਭ ਤੋਂ ਵੱਧ ਨਿਸ਼ਾਨਾ ਇੱਥੇ ਪਟਿਆਲਾ ਰੋਡ ਸਥਿੱਤ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਗੁਦਾਮ ਬਣੇ। ਇਨ੍ਹਾਂ ਗੁਦਾਮਾਂ ਵਿੱਚੋਂ ਇਕ ਗੁਦਾਮ ਦਾ ਲੋਹੇ ਦੇ ਮਜ਼ਬੂਤ ਪਿੱਲਰਾਂ ਨਾਲ ਬਣਿਆ ਕਈ ਟਨ ਦੇ ਵਜ਼ਨ ਵਾਲਾ ਸ਼ੈੱਡ ਉੱਡ ਕੇ ਕਾਫ਼ੀ ਦੂਰ ਬਠਿੰਡਾ-ਚੰਡੀਗੜ੍ਹ ਸ਼ਾਹ ਰਾਹ ’ਤੇ ਜਾ ਡਿੱਗਿਆ। ਇਸ ਸ਼ੈੱਡ ਦੇ ਦੂਰ ਦੂਰ ਤੱਕ ਖਿੱਲਰੇ ਮਲਬੇ ਨੇ ਸ਼ਹਿਰ ਦੀ ਮੁੱਖ ਬਿਜਲੀ ਸਪਲਾਈ ਦੀਆਂ ਤਾਰਾਂ ਤੇ ਖੰਭੇ ਤੋੜ ਦਿੱਤੇ। ਇਸੇ ਤਰ੍ਹਾਂ ਫੱਗੂਵਾਲਾ ਤੇ ਬਲਿਆਲ ਰੋਡ ’ਤੇ ਵੀ ਸ਼ੈੱਡਾਂ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਮੁੱਖ ਮਾਰਗ ਤੋਂ ਮਲਬੇ ਨੂੰ ਹਟਾ ਕੇ ਆਵਾਜਾਈ ਛੇਤੀ ਹੀ ਚਾਲੂ ਕਰਵਾ ਦਿੱਤੀ ਸੀ। ਇਸ ਤੋਂ ਇਲਾਵਾ ਇਲਾਕੇ ਵਿੱਚ ਸੈਂਕੜੇ ਦਰੱਖ਼ਤ ਇਸ ਝੱਖੜ ਦੀ ਮਾਰ ਹੇਠ ਆ ਗਏ ਹਨ।
ਰਾਜਪੁਰਾ (ਪੱਤਰ ਪ੍ਰੇਰਕ): ਬੀਤੀ ਦੇਰ ਰਾਤ ਆਏ ਤੇਜ ਝੱਖੜ ਤੇ ਮੀਹ ਕਾਰਨ ਵੱਡੀ ਗਿਣਤੀ ’ਚ ਦਰੱਖ਼ਤ, ਬਿਜਲੀ ਦੇ ਖੰਭੇ ਟੁੱਟ ਗਏ ਅਤੇ ਬਿਜਲੀ ਸਿਪਲਾਈ ਵੀ ਪ੍ਰਭਾਵਿਤ ਹੋਈ। ਕਈ ਖੇਤਰਾਂ ਵਿੱਚ ਹਾਲੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ।
ਘਨੌਰ (ਪੱਤਰ ਪ੍ਰੇਰਕ): ਹਨੇਰੀ ਆਉਣ ਮਗਰੋਂ ਕੱਲ੍ਹ ਰਾਤ ਤੋਂ ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੈ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਝੱਖੜ ਨੇ ਪਿੰਡਾਂ ਵਿੱਚ ਬਣੇ ਦਰਜਨਾਂ ਸ਼ੈੱਡ, ਪੋਲਟਰੀ ਫਾਰਮ, ਚਾਰ ਦੀਵਾਰੀਆਂ ਢਾਹ ਦਿੱਤੀਆਂ ਹਨ। ਛੋਟੇ ਦੁਕਾਨਦਾਰਾਂ, ਰੇਹੜੀ ਫੜ੍ਹੀ ਵਾਲਿਆਂ ਦਾ ਇਸ ਝੱਖੜ ਨੇ ਕਾਫੀ ਨੁਕਸਾਨ ਕੀਤਾ ਹੈ। ਜਦੋਂ ਕਿ ਬਿਜਲੀ ਦੇ ਸੈਂਕੜੇ ਖੰਭੇ ਤੇ ਦਰਜਨਾਂ ਹੀ ਟ੍ਰਾਂਸਫਾਰਮਰ ਡਿੱਗਣ ਕਾਰਨ ਬਿਜਲੀ ਸਪਲਾਈ ਅੱਜ ਸ਼ਾਮ ਤੱਕ ਬਹਾਲ ਨਹੀਂ ਹੋ ਸਕੀ। ਝੱਖੜ ਅਤੇ ਮੀਹ ਕਾਰਨ ਕਸਬਾ ਘਨੌਰ ਵਿੱਚ ਮੁਸਤਾਕ ਅਲੀ ਊਰਫ ਜੱਸੀ ਦੇ 10 ਹਜਾਰ ਜਾਨਵਰਾਂ ਦੀ ਸਮਰੱਥਾ ਵਾਲੇ ਦੋ ਮੰਜਿਲੇ ਪੋਲਟਰੀ ਫਾਰਮ ਦੀ ਉਪਰਲੀ ਛੱਤ ਡਿੱਗਣ ਕਾਰਨ ਉਸ ਵਿੱਚ ਰੱਖੇ ਹੋਏ ਕਰੀਬ 500 ਮੁਰਗੇ ਮਰ ਗਏ।