ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਮਈ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਦੁਗਾਲ ਬਾਈਪਾਸ ਚੌਕ ਨੇੜੇ ਬਰਾੜ ਓਪਨ ਪਲੰਥ ਵਿਚ ਪਨਸਪ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਖਰੀਦ ਕੇ ਸਟੋਰ ਕੀਤੀ ਕਣਕ ਦੇ ਥੈਲੇ ਫਟ ਜਾਣ ਕਰਕੇ ਬਰਬਾਦ ਹੋ ਰਹੀ ਹਜ਼ਾਰਾਂ ਟਨ ਕਣਕ ਨੂੰ ਅਧਿਕਾਰੀਆਂ ਨੇ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ।
ਬਰਸਾਤ ਦੌਰਾਨ ਖੁੱਲ੍ਹੇ ਅਸਮਾਨ ਹੇਠਾਂ ਬਿਨਾਂ ਤਰਪਾਲਾਂ ਤੋਂ ਭਿੱਜਦੀ ਰਹੀ ਕਣਕ ਦੀ ਖ਼ਬਰ ਨੂੰ ‘ਪੰਜਾਬੀ ਟ੍ਰਿਬਿਊਨ’ ਵਲੋਂ ਨਸ਼ਰ ਕੀਤੇ ਜਾਣ ਮਗਰੋਂ ਬਿਨਾਂ ਮਨਜ਼ੂਰੀ ਲਏ ਥੈਲੇ ਫਟ ਕੇ ਖਿੱਲਰੀ ਕਣਕ ਨੂੰ ਇਕੱਠਾ ਕਰਕੇ ਮੁੜ ਤੋਂ ਥੈਲਿਆਂ ਵਿੱਚ ਭਰਿਆ ਜਾ ਰਿਹਾ ਹੈ।
ਉਕਤ ਪਲੰਥਾਂ ਉੱਤੇ ਖਰੀਦ ਏਜੰਸੀ ਪਨਸਪ ਦੀ ਨਿਗਰਾਨੀ ਹੇਠਾਂ ਸਟੋਰ ਕੀਤੀ ਕਣਕ ਦੇ ਵੱਡੀ ਪੱਧਰ ’ਤੇ ਥੈਲੇ ਫਟ ਜਾਣ ਮਗਰੋਂ ਬਰਸਾਤ ਵਿੱਚ ਭਿੱਜੀ ਅਤੇ ਕੱਚੀ ਥਾਂ ’ਤੇ ਖਿੱਲਰੀ ਕਣਕ ਨੂੰ ਮਜ਼ਦੂਰ ਇਕੱਠਾ ਕਰਕੇ ਮੁੜ ਥੈਲਿਆਂ ਵਿੱਚ ਭਰਨ ਲੱਗੇ ਹਨ। ਇਸੇ ਦੌਰਾਨ ਇਕੱਠੀ ਕੀਤੀ ਕਣਕ ਪਲੰਥ ਦੇ ਕੁਝ ਖਾਲੀ ਹਿੱਸੇ ਵਿੱਚ ਸੁੱਕਣੇ ਪਾਈ ਹੋਈ ਸੀ। ਬਿਨਾਂ ਕੋਈ ਕੰਡਾ ਕੀਤੇ ਥੈਲਿਆਂ ਵਿੱਚ ਭਰੀ ਕਣਕ ਦਾ ਵਜ਼ਨ ਸਮਾਨ ਅੰਤਰ ਨਹੀਂ ਸੀ । ਪਲੰਥ ਤੇ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਦਿਹਾੜੀਦਾਰ ਹਨ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਪਰ ਅੰਦਾਜ਼ੇ ਨਾਲ ਭਰੇ ਥੈਲਿਆਂ ਵਿੱਚ ਵਜ਼ਨ ਦਾ ਘੱਟ ਵੱਧ ਹੋਣਾ ਸੁਭਾਵਕ ਹੈ। ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਹਰਪਿੰਦਰ ਸਿੰਘ ਨੇ ਕਿਹਾ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਸਗੋਂ ਹਨੇਰੀ ਆਉਣ ‘ਤੇ ਪਲੰਥਾਂ ਉੱਪਰ ਪਈਆਂ ਤਰਪਾਲਾਂ ਉੱਡ ਜਾਣ ਤੇ ਫਟੇ ਥੈਲਿਆਂ ਵਿੱਚ ਹੇਠਾਂ ਖਿੱਲਰੀ ਕਣਕ ਬਰਸਾਤ ਦੇ ਪਾਣੀ ਵਿਚ ਭਿੱਜ ਗਈ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੋਦਾਮ ਵਿੱਚ ਸਟੋਰ ਕੀਤੀ ਕਣਕ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਇਸ ਲਈ ਉਹ ਪਹਿਲਾਂ ਤੋਂ ਮੌਜੂਦ ਥੈਲਿਆਂ ਵਿਚ ਕਣਕ ਦੀ ਭਰਾਈ ਕਰਵਾ ਰਹੇ ਹਨ।
ਮੁੜ ਭਰਾਈ ਦਾ ਖ਼ਰਚਾ ਬਾਰਦਾਨਾ ਸਪਲਾਈ ਕਰਨ ਵਾਲੀ ਕੰਪਨੀ ਤੋਂ ਵਸੂਲਿਆ ਜਾਵੇਗਾ: ਡੀਐਮ
ਪਨਸਪ ਦੇ ਜ਼ਿਲ੍ਹਾ ਮੈਨੇਜਰ ਅਮਿਤ ਲੂਥਰਾ ਨੇ ਦੱਸਿਆ ਕਿ ਫਟੇ ਹੋਏ ਥੈਲਿਆਂ ਸਬੰਧੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਣ ਮਗਰੋਂ ਖੰਨਾ ਦੀ ਫਰਮ ਜਿਸ ਨੇ ਪਨਸਪ ਨੂੰ ਬਾਰਦਾਨਾ ਸਪਲਾਈ ਕੀਤਾ ਸੀ ਉਸ ਦੇ ਅਧਿਕਾਰੀ ਗੋਦਾਮਾਂ ਵਿਚ ਆ ਕੇ ਚੈਕਿੰਗ ਕਰ ਗਏ ਹਨ। ਉਨ੍ਹਾਂ ਦੱਸਿਆ ਕਿ ਥੈਲੇ ਫਟ ਜਾਣ ਕਾਰਨ ਖਿਲਰੀ ਕਣਕ ਦੀ ਮੁੜ ਭਰਾਈ ਦਾ ਖ਼ਰਚਾ ਬਾਰਦਾਨਾ ਸਪਲਾਈ ਕਰਨ ਵਾਲੀ ਕੰਪਨੀ ਤੋਂ ਵਸੂਲਿਆ ਜਾਵੇਗਾ।