ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਅਗਸਤ
ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲੇਸਾਂ ’ਚ ਵਿਆਹਾਂ ਬਾਰੇ ਫ਼ੈਸਲਾ ਨਾ ਲੈਣ ਕਾਰਨ ਹਜ਼ਾਰਾਂ ਪਰਿਵਾਰ ਰੋਟੀ ਤੋਂ ਵੀ ਮੁਥਾਜ ਹੋ ਗਏ ਹਨ ਅਤੇ ਜੇਕਰ ਅਜਿਹੇ ਗੰਭੀਰ ਬਣੇ ਮੁੱਦੇ ਸਬੰਧੀ ਕੋਈ ਜਲਦ ਹੀ ਨਿਰਣਾ ਨਾ ਲਿਆ ਤਾਂ ਫਿਰ ਜੁਆਇੰਟ ਵੈਡਿੰਗ ਬਿਜ਼ਨਸ ਐਸੋਸੀਏਸ਼ਨ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵੇਗੀ। ਇਹ ਪ੍ਰਗਟਾਵਾ ਕਰਦਿਆ ਜੁਆਇੰਟ ਵੈਡਿੰਗ ਬਿਜ਼ਨਸ ਐਸੋਸੀਏਸ਼ਨ ਵੱਲੋਂ ਅੱਜ ਇਥੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਮੰਗ ਕੀਤੀ ਕਿ ਮੈਰਿਜ ਪੈਲੇਸਾਂ ਤੇ ਬੈਂਕੁਅਟ ਹਾਲਾਂ ’ਚ ਜਗ੍ਹਾ ਦੇ ਹਿਸਾਬ ਨਾਲ ਘੱਟੋ ਘੱਟ 200 ਤੋਂ 300 ਬੰਦਿਆਂ ਦੇ ਸਮਾਗਮ ਆਸਾਨੀ ਨਾਲ ਕਰਵਾਏ ਜਾ ਸਕਦੇ ਹਨ, ਅਜਿਹੇ ’ਚ ਸਰਕਾਰ ਉਨ੍ਹਾਂ ਦੇ ਕਾਰੋਬਾਰ ਬਚਾਉਣ ਲਈ ਪ੍ਰਤੀਵਰਗ ਮੀਟਰ ਦੇ ਹਿਸਾਬ ਨਾਲ ਮਹਿਮਾਨਾਂ ਦੀ ਗਿਣਤੀ ਵਧਾਉਣ ਦੀ ਆਗਿਆ ਦੇਵੇ।
ਇਸ ਮੌਕੇ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਮਨਵਿੰਦਰ ਸਿੰਘ ਗੋਲਡੀ, ਕੈਟਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜੌਲੀ ਸਿੱਧੂ, ਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਸੇਠੀ ਤੇ ਰਮਨ ਸ਼ਰਮਾ, ਡੀਜੇ ਐਸੋਸੀਏਸ਼ਨ ਦੇ ਰਾਜੇਸ਼ ਬੱਗਨ, ਹੋਟਲ ਐਸੋਸੀਏਸ਼ਨ ਦੇ ਗੁਰਮੁਖ ਸਿੰਘ ਢਿੱਲੋਂ, ਫੋਟੋਗ੍ਰਾਫਰ ਐਸੋਸੀਏਸ਼ਨ ਦੇ ਦਰਸ਼ਨ ਆਹੂਜਾ, ਲਾਈਟ ਐਂਡ ਸਾਊਂਡ ਐਸੋਸੀਏਸ਼ਨ ਦੇ ਵਿਕਾਸ ਸ਼ਰਮਾ, ਸਟਾਲ ਕੈਟਰਿੰਗ ਦੇ ਰਿੰਕੂ ਅਤੇ ਫਲਾਵਰ ਐਂਡ ਡੈਕੋਰੇਸ਼ਨ ਦੇ ਪ੍ਰਧਾਨ ਸ੍ਰੀ ਅਕਰਮ ਨੇ ਡਾਢੇ ਗਿਲੇ ਰੂਪ ’ਚ ਆਖਿਆ ਕਿ ਕਰੋਨਾ ਮਹਾਮਾਰੀ ਦੇ ਹਾਲਾਤਾਂ ਦੇ ਮੱਦੇਨਜ਼ਰ ਵਿਆਹ ਸਮਾਗਮ ’ਚ ਸਮਾਜਿਕ ਇਕੱਠ ਨੂੰ ਬਹੁਤ ਸੀਮਤ ਗਿਣਤੀ ਵਿਚ ਰੱਖਿਆ ਗਿਆ ਹੈ, ਜਿਸਦੇ ਨਤੀਜੇ ਵਜੋਂ ਇਨ੍ਹਾਂ ਸਮਾਗਮਾਂ ਦੇ ਨਾਲ ਸਬੰਧਤ ਵਪਾਰਕ ਅਦਾਰਿਆਂ ਦੇ ਕੰਮ ਪੂਰੀ ਤਰ੍ਹਾਂ ਬੰਦ ਪਏ ਹਨ ਤੇ ਇਹ ਅਦਾਰੇ ਆਰਥਿਕ ਬਰਬਾਦੀ ਦੀ ਡੂੰਘੀ ਖੱਡ ਵਿਚ ਡਿੱਗ ਰਹੇ ਹਨ।