ਜੈਸਮੀਨ ਭਾਰਦਵਾਜ
ਨਾਭਾ, 14 ਸਤੰਬਰ
ਨਾਭਾ-ਅਮਲੋਹ ਬਾਰਡਰ ‘ਤੇ ਲੱਗੀ ਮਸ਼ਹੂਰ ਮਾਧਵ ਕੇ ਆਰ ਜੀ ਲਿਮ. ਇੰਡਸਟਰੀਜ਼ ਦੇ ਪਲਾਂਟ ਦੇ ਕਥਿਤ ਪ੍ਰਦੂਸ਼ਣ ਖਿਲਾਫ ਅੱਜ ਪਿੰਡ ਵਾਸੀ ਟੌਲ ਪਲਾਜ਼ਾ ਤੋਂ ਧਰਨਾ ਚੁੱਕ ਕੇ ਕੰਪਨੀ ਦੇ ਉਸਾਰੀ ਅਧੀਨ ਨਵੇਂ ਪਲਾਂਟ ਦੇ ਗੇਟ ’ਤੇ ਲੈ ਗਏ ਤੇ ਉਥੇ ਉਸਾਰੀ ਦਾ ਕੰਮ ਰੋਕ ਦਿੱਤਾ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸੱਤ ਦਿਨ ਕੰਪਨੀ ਦੇ ਗੇਟ ਦੇ ਬਾਹਰ ਹੀ ਬੰਦ ਪਏ ਟੌਲ ਪਲਾਜ਼ਾ ‘ਤੇ ਧਰਨਾ ਲਗਾ ਰੱਖਿਆ ਸੀ ਤੇ ਦੋ ਦਿਨ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਭੇਜਿਆ ਸੀ ਕਿ ਫੈਕਟਰੀ ਦੇ ਪ੍ਰਦੂਸ਼ਣ ਤੋਂ ਦੋ ਦਰਜਨ ਪਿੰਡ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਪੱਤਰ ’ਚ ਮਾਧਵ ਇੰਡਸਟਰੀਜ਼ ਤੋਂ ਇਲਾਵਾ ਇੱਕ ਹੋਰ ਕੰਪਨੀ ਵੱਲੋਂ ਅਕਾਲਗੜ੍ਹ ਰੋਡ ‘ਤੇ ਬਿਨਾਂ ਪਿੰਡ ਵਾਸੀਆਂ ਦੀ ਸਹਿਮਤੀ ਦੇ 32 ਕਿੱਲੇ ਜ਼ਮੀਨ ਲੈਣ ਦਾ ਦੋਸ਼ ਲਗਾਇਆ। ਨਾਲ ਹੀ ਅਕਾਲਗੜ੍ਹ ਰੋਡ ’ਤੇ ਇੱਕ ਧਾਗਾ ਮਿੱਲ ਦੇ ਪ੍ਰਦੂਸ਼ਣ ਬਾਰੇ ਵੀ ਸਵਾਲ ਚੁੱਕੇ। ਇਸ ਮਾਮਲੇ ’ਤੇ ਬਣੀ 21 ਮੈਂਬਰੀ ਐਕਸ਼ਨ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਸ ਪਾਸ ਦੇ ਇਲਾਕੇ ’ਚ ਧਰਤੀ ’ਚੋਂ ਨਿਕਲੇ ਪਾਣੀ ’ਚ ਚਿੱਟੇ ਤਿਣਕੇ ਆ ਰਹੇ ਹਨ ਤੇ ਕਦੇ ਕਦੇ ਪਾਣੀ ਕਾਲਾ ਵੀ ਆਉਂਦਾ ਹੈ ਕਿਉਂਕਿ ਕੰਪਨੀ ਵੱਲੋਂ ਡੂੰਗੇ ਬੋਰ ਕਰਕੇ ਕੈਮੀਕਲ ਵਾਲਾ ਪਾਣੀ ਜ਼ਮੀਨ ’ਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਧੂੰਏ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ ਤੇ ਜਿਹੜਾ ਇੱਕ ਹੋਰ ਪਲਾਂਟ ਉਸਾਰੀ ਅਧੀਨ ਹੈ ਉਥੇ ਕਈ ਕਿੱਲੇ ’ਚ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ ਤੇ ਨਾਲ ਹੀ 30-35 ਫੁੱਟ ਡੂੰਗੀ ਸੈਂਕੜੇ ਗਜ਼ ਜ਼ਮੀਨ ’ਚ ਵੱਡੀ ਪਿੱਟ ਬਣਾਈ ਹੈ ਜਿਸ ’ਚ ਛੱਡੇ ਜਾਣ ਵਾਲੇ ਗੰਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਗੰਭੀਰ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਪ ਮੁਹਾਰੇ ਇਸ ਦਾ ਨੋਟਿਸ ਤਾਂ ਕੀ ਲੈਣਾ ਸੀ, ਮਜਬੂਰਨ ਧਰਨੇ ‘ਤੇ ਆ ਕੇ ਬੈਠੇ ਲੋਕਾਂ ਦੀ ਸਾਰ ਲੈਣੀ ਵੀ ਜ਼ਰੂਰੀ ਨਾ ਸਮਝੀ ਜਿਸ ਕਰਕੇ ਉਨ੍ਹਾਂ ਨੂੰ ਉਸਾਰੀ ਅਧੀਨ ਪਲਾਂਟ ਦਾ ਗੇਟ ਬੰਦ ਕਰਨਾ ਪਿਆ। ਗੇਟ ਬੰਦ ਹੋਣ ਪਿੱਛੋਂ ਨਾਭਾ ਅਤੇ ਅਮਲੋਹ ਤੋਂ ਪੁਲੀਸ ਤੇ ਨਾਭਾ ਦੇ ਐਸਡੀਐਮ ਮੌਕੇ ’ਤੇ ਪਹੁੰਚੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਸਬੰਧੀ ਨਾਭਾ ਐਸਡੀਐਮ ਕਨੂੰ ਗਰਗ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਗਿਆ ਪਰ ਸਾਰਾ ਦਿਨ ਉਨ੍ਹਾਂ ਫੋਨ ਨਾ ਚੁੱਕਿਆ। ਨਾਭਾ ਦੇ ਡੀਐਸਪੀ ਦੇਵਿੰਦਰ ਅਤਰੀ ਨੇ ਕਿਹਾ ਕਿ ਕੰਪਨੀ ਅਤੇ ਪਿੰਡ ਵਾਸੀਆਂ ਨਾਲ ਰਾਬਤਾ ਕਰ ਰਹੇ ਹਨ। ਇਸ ਮੌਕੇ ਕੰਪਨੀ ਦੇ ਮੁੱਖ ਪ੍ਰਬੰਧਕ ਦਿਕਸ਼ਿਤ ਗੁਪਤਾ ਨੇ ਕਿਹਾ ਉਨ੍ਹਾਂ ਪ੍ਰਦੂਸ਼ਣ ਬੋਰਡ ਵੱਲੋਂ ਸਾਰੀਆਂ ਮਨਜ਼ੂਰੀਆਂ ਲਈਆਂ ਹੋਈਆਂ ਹਨ ਤੇ ਕੰਪਨੀ ਕੋਈ ਕਾਨੂਨ ਦੀ ਉਲੰਘਣਾ ਨਹੀਂ ਕਰ ਰਹੀ।