ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਅਗਸਤ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਇੱਥੇ ਪੜ੍ਹ ਰਹੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਨਿੱਜੀ ਤੌਰ ’ਤੇ ਜਾਣਕਾਰੀ ਪ੍ਰਾਪਤ ਕੀਤੀ ਗਈ। ਚਿੰਤਤ ਅਫਗਾਨੀ ਵਿਦਿਆਰਥੀਆਂ ਨੂੰ ਵਾਈਸ ਚਾਂਸਲਰ ਨੇ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਦੱਸਣਯੋਗ ਹੈ ਕਿ ਅਫਗਾਨ ਮੂਲ ਦੇ 40 ਦੇ ਕਰੀਬ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸ ਕਰ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਵਿਦਿਆਰਥੀ ਆਪਣੀਆਂ ਆਨਲਾਈਨ ਜਮਾਤਾਂ ਦੇ ਚਲਦਿਆਂ ਅਤੇ ਸਮੈਸਟਰ ਬਰੇਕ ਹੋਣ ਕਾਰਨ ਆਪਣੇ ਘਰਾਂ ਨੂੰ ਪਰਤ ਗਏ ਸਨ। ਅਜਿਹੇ ਮਗਰੋਂ ਕਰੀਬ ਡੇਢ ਦਰਜਨ ਪੰਜਾਬੀ ਯੂਨੀਵਰਸਿਟੀ ’ਚ ਰਹਿੰਦੇ ਵਿਦਿਆਰਥੀਆਂ ਨੂੰ ਅਫਗਾਨਿਸਤਾਨ ਦੇ ਸੰਕਟਮਈ ਹਾਲਾਤ ਨੂੰ ਲੈ ਕੇ ਆਪਣੇ ਘਰ ਪਰਿਵਾਰ ਦੀ ਸੁਰੱਖਿਆ ਅਤੇ ਆਪਣੇ ਅਕਾਦਮਿਕ ਭਵਿੱਖ ਨੂੰ ਲੈ ਕੇ ਡੂੰਘੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਦੀ ਅਜਿਹੀ ਚਿੰਤਾ ਨੂੰ ਭਾਂਪਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਸਭ ਵਿਦਿਆਰਥੀਆਂ ਲਈ ਇੱਥੋਂ ਦੇ ਮਾਹੌਲ ਨੂੰ ਹੋਰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡੀਨ ਅੰਤਰਰਾਸ਼ਟਰੀ ਵਿਦਿਆਰਥੀ ਮਾਮਲੇ ਡਾ. ਰਣਜੀਤ ਕੌਰ ਵੱਲੋਂ ਸਮੂਹ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਕਾਇਮ ਰੱਖਣ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਗਿਆ।
ਜੈ ਤੇਗ ਸਿੰਘ ਅਨੰਤ ਦੀ ਪੁਸਤਕ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਅੱਜ ਯੂਨੀਵਰਸਿਟੀ ਵਿੱਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤੀ ਪੁਸਤਕ ‘ਰਾਮਗੜ੍ਹੀਆ ਵਿਰਾਸਤ’ ਵਡ ਆਕਾਰੀ, ਸਚਿਤਰ ਕਾਫੀ ਟੇਬਲ ਪੁਸਤਕ ਲੋਕ ਅਰਪਣ ਕੀਤੀ। ਉਨ੍ਹਾਂ ਜੈ ਤੇਗ ਸਿੰਘ ਅਨੰਤ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਤਾਂ ਹੀ ਸਾਡਾ ਭਵਿੱਖ ਸੁਨਹਿਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਸਭਿਆਚਾਰ ਕਿਸੇ ਵੀ ਕੌਮ ਦੇ ਭਵਿੱਖ ਦਾ ਗਵਾਹ ਹੁੰਦਾ ਹੈ। ਰਾਮਗੜ੍ਹੀਆ ਵਿਰਾਸਤ ਅਜਿਹੀ ਪਹਿਲੀ ਪੁਸਤਕ ਹੈ, ਜੋ ਰਾਮਗੜ੍ਹੀਆਂ ਦੇ ਵਿਰਸੇ ਤੇ ਵਿਰਾਸਤ ਦੀ ਪੂਰਨ ਤਰਜ਼ਮਾਨੀ ਕਰਦੀ ਹੈ। ਜੈਤੇਗ ਸਿੰਘ ਅਨੰਤ ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖੋਜੀ ਅਤੇ ਸਿੱਖ ਬੁੱਧੀਜੀਵੀ ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਡੇਢ ਦਰਜਨ ਪੁਸਤਕਾਂ ਪਾਈਆਂ ਹਨ। ਵਰਲਡ ਪੰਜਾਬੀ ਸੈਂਟਰ ਦੇ ਡਾਇਰਕੈਟਰ ਡਾ. ਬਲਕਾਰ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।