ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
‘ਡੇਲੀਵੇਜ਼ ਸਫ਼ਾਈ ਕਰਮਚਾਰੀ ਯੂਨੀਅਨ’ ਵੱਲੋਂ ਪ੍ਰਧਾਨ ਰਾਜੇਸ਼ ਗੱਗੂ ਦੀ ਅਗਵਾਈ ਹੇਠ ਕਈ ਦਿਨਾਂ ਤੋਂ ਵੀਸੀ ਦਫ਼ਤਰ ਮੂਹਰੇ ਦਿੱਤਾ ਜਾ ਰਿਹਾ ਪੱਕਾ ਧਰਨਾ ਅੱਜ ਸਮਾਪਤ ਹੋ ਗਿਆ। ਇਸ ਦੌਰਾਨ ਮਨਜੀਤ ਸਿੰਘ ਅਤੇ ਗੁਰਜਿੰਦਰ ਸਿੰਘ ਨੂੰ ਖ਼ੁਦ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਸਮਾਪਤ ਕਰਵਾਈ। ਇਹ ਮਸਲਾ ਨਜਿੱਠਣ ’ਚ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਦੇ ਸੂਬਾਈ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਵੀ ਅਹਿਮ ਭੂਮਿਕਾ ਰਹੀੇ। ਧਰਨਾ ਸਮਾਪਤ ਕਰਵਾਉਣ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਤਿਵਾੜੀ ਵੀ ਹਾਜ਼ਰ ਰਹੇ। ਡਾ. ਜਤਿੰਦਰ ਮੱਟੂ ਦੇ ਦੱਸਣ ਅਨੁਸਾਰ ਵਾਈਸ ਚਾਂਸਲਰ ਵੱਲੋਂ ਡੇਲੀਵੇਜ ਸਫ਼ਾਈ ਕਰਮਚਾਰੀਆਂ ਦੇ 1500 ਰੁਪਏ ਵਾਲੇ ਵਾਧੇ ਦੇ ਪੂਰੇ ਬਕਾਏ ਦੀ ਅਦਾਇਗੀ ਯਕੀਨੀ ਬਣਾਉਣ, ਬਦਲੀਆਂ ਰੱਦ ਕਰਨ ਅਤੇ ਅਪਕੀਪ ਇੰਚਾਰਜ ਲਗਾਉਣ ਦੇ ਸੋਮਵਾਰ ਨੂੰ ਲਿਖਤੀ ਆਦੇਸ਼ ਸਮੇਤ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਓਣ ਲਈ ਪੰਜਾਬ ਸਰਕਾਰ ਤੱਕ ਮੁੜ ਪਹੁੰਚ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ। ਵਾਈਸ ਚਾਂਸਲਰ ਵੱਲੋਂ ਜ਼ਬਾਨੀ ਤੌਰ ’ਤੇ ਮੰਗਾਂ ਮੰਨੀਆਂ ਗਈਆਂ ਹਨ ਜਿਸ ਸਬੰਧੀ ਸੋਮਵਾਰ ਨੂੰ ਲਿਖਤੀ ਆਦੇਸ਼ ਜਾਰੀ ਕਰਨ ਦੇ ਦਿੱਤੇ ਗਏ ਭਰੋਸੇ ਦੇ ਹਵਾਲੇ ਨਾਲ ਯੂਨੀਅਨ ਪ੍ਰਧਾਨ ਰਾਜੇਸ਼ ਗੱਗੂ ਵੱਲੋਂ ਇਹ ਧਰਨਾ ਸਮਾਪਤ ਕਰਨ ਦਾ ਐਲਾਨ ਕਰਨ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।