ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਫਰਵਰੀ
ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਨਿੱਤਰੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਵਰਤੇ ਜਾ ਰਹੇ ਹਨ। ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਆਦਾਤਰ ਉਮੀਦਵਾਰਾਂ ਵੱਲੋਂ ਖੋਲ੍ਹੇ ਗਏ ਚੋਣ ਦਫ਼ਤਰਾਂ ਵਿੱਚ ਆਉਣ ਜਾਣ ਵਾਲਿਆਂ ਲਈ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉਥੇ ਹੀ ਆਰਥਿਕ ਪੱਖ ਉੱਤੇ ਮਜ਼ਬੂਤ ਕੁਝ ਉਮੀਦਵਾਰਾਂ ਵੱਲੋਂ ਔਰਤ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਸ਼ਾਹੀ ਪਕਵਾਨਾਂ ਦਾ ਦੌਰ ਚਲਾ ਦਿੱਤਾ ਗਿਆ ਹੈ। ਉਮੀਦਵਾਰਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਕੁਝ ਉਮੀਦਵਾਰਾਂ ਵੱਲੋਂ ਬਾਅਦ ਦੁਪਹਿਰ ਆਪਣੇ ਗਲੀ ਮੁਹੱਲਿਆਂ ਵਿਚ ਔਰਤ ਵੋਟਰਾਂ ਤੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਸ਼ਾਹੀ ਪਕਵਾਨ ਪਰੋਸਣ ਲਈ ਬਕਾਇਦਾ ਸਟਾਲਾਂ ਲਗਾਕੇ ਵਿਆਹ ਵਰਗਾ ਮਾਹੌਲ ਸਿਰਜਿਆ ਜਾ ਰਿਹਾ। ਨਾਇਬ ਤਹਿਸੀਲਦਾਰ ਰਾਜਬਰਿੰਦਰ ਸਿੰਘ ਧਨੋਆ ਨੇ ਕਿਹਾ ਹੈ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਕੋਈ ਧਿਆਨ ਵਿੱਚ ਨਹੀਂ ਫਿਰ ਵੀ ਉਹ ਇਸ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਅਮਲ ਵਿੱਚ ਜਾਂਦੀ ਜਾਵੇਗੀ।