ਪੱਤਰ ਪ੍ਰੇਰਕ
ਘਨੌਰ, 21 ਸਤੰਬਰ
ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਰਾਜ ਕੁਮਾਰ ਸਿੰਘ ਨੇ ਨੇੜਲੇ ਪਿੰਡ ਲਾਛੜੂ ਖੁਰਦ ਵਿੱਚ ਬੀਤੀ ਦੇਰ ਸ਼ਾਮ ਨੂੰ ‘ਕਿਸਾਨ ਪੰਚਾਇਤ’ ਦੇ ਬੈਨਰ ਹੇਠ ਕਰਵਾਏ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੇ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਿੰਜਾਈ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ, ਹਰਜਿੰਦਰ ਸਿੰਘ ਸਰਵਾਰਾ, ਗੋਤਮ ਸੂਦ, ਸਤਨਾਮ ਸਿੰਘ ਸੱਤੀ ਸਮੇਤ ਹੋਰਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਇਲਾਕੇ ਵਿੱਚ ਬਿਜਲੀ ਦੀ ਘਾਟ ਦੂਰ ਕਰਨ ਲਈ ਕੀਤੀ ਗਈ ਮੰਗ ਤੇ ਕੇਂਦਰੀ ਬਿਜਲੀ ਮੰਤਰੀ ਨੇ ਪਿੰਡ ਜੰਡ ਮੰਗੌਲੀ ਵਿੱਚ ਨਵਾਂ 66 ਕੇਵੀ ਬਿਜਲੀ ਗਰਿੱਡ ਉਸਾਰਨ, ਘਨੌਰ ਗਰਿੱਡ ਦਾ ਨਵੀਨੀਕਰਨ ਕਰਕੇ 20 ਮੈਗਾਵਾਟ ਦਾ ਟ੍ਰਾਂਸਫਾਰਮਰ ਲਗਾਉਣ ਅਤੇ ਗੁਰਦੁਆਰਾ ਭਗਤ ਧੰਨਾ ਵਿੱਚ ਸੋਲਰ ਸਿਸਟਮ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਭਾਜਪਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਦਾ ਮਾਮਲਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਰੱਖਣਗੇ।