ਨਾਭਾ (ਜੈਸਮੀਨ ਭਾਰਦਵਾਜ): ਨਾਭਾ ਦੇ ਕਕਰਾਲਾ, ਤੁੰਗਾ, ਹਰਿਗੜ੍ਹ ਅਤੇ ਅਚੱਲ ਪਿੰਡਾਂ ਵਿੱਚੋਂ ਕਿਸਾਨ ਬੀਬੀਆਂ ਨੇ ਅਗਵਾਈ ਕਰਦੇ ਹੋਏ ਕਕਰਾਲਾ ਪਿੰਡ ’ਚੋਂ ਲੰਘਦੀ ਰੇਲ ਪਟੜੀ ਉੱਪਰ ਸਾਰਾ ਦਿਨ ਧਰਨਾ ਲਾਈ ਰੱਖਿਆ। ਤਿੱਖੀ ਧੁੱਪ ’ਚ ਬੈਠੀਆਂ ਬੀਬੀਆਂ ਨਾਅਰਿਆਂ ਦੀ ਗੂੰਜ ਐਨੀ ਉੱਚੀ ਸੀ ਕਿ ਦੂਰੋਂ ਸੁਣਾਈ ਦੇ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਲਾ ਵਿੰਗ ਦੀ ਆਗੂ ਰਾਜਿੰਦਰ ਕੌਰ ਤੁੰਗਾ ਨੇ ਦੱਸਿਆ ਕਿ ਇਸ ਅੰਦੋਲਨ ਨੇ ਚੁੱਲ੍ਹੇ ਚੋਂਕੇ ਤੱਕ ਸੀਮਤ ਮਹਿਲਾਵਾਂ ਵਿੱਚ ਜਾਗ੍ਰਿਤੀ ਲਿਆਂਦੀ ਹੈ। ਆਗੂ ਸਰਬਜੀਤ ਕੌਰ ਕਕਰਾਲਾ ਨੇ ਦੱਸਿਆ ਕਿ ਬੀਬੀਆਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਜਾਣਕਾਰੀ ਦੇਣ ਸਣੇ ਬਿਜਲੀ ਸੰਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ।