ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 15 ਮਾਰਚ
ਪੁਰਾਣਾ ਰਾਜਪੁਰਾ ਦੇ ਸ੍ਰੀ ਸ਼ਿਆਮਾ ਸ਼ਿਆਮ ਮੰਦਰ (ਰੋਡਾ ਬਾਬਾ ਜੀ)ਦੇ ਪੁਜਾਰੀ ਅਤੇ ਉਸ ਦੇ ਪਰਿਵਾਰ ਦੀ ਮੰਦਰ ਵਿੱਚ ਦਾਖਲ ਹੋ ਕੇ ਕੁਟਮਾਰ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮੰਦਿਰ ਦੇ ਪੁਜਾਰੀ ਗੋਪੀ ਨਾਥ ਕਮਲ ਪਰਿਵਾਰ ਸਮੇਤ ਮਰਨ ਵਰਤ ਤੇ ਬੈਠ ਗਏ ਹਨ।
ਇਸ ਮੌਕੇ ਮੰਦਰ ਦੇ ਪੁਜਾਰੀ ਗੋਪੀ ਨਾਥ ਉਰਫ ਕਮਲ (ਗੌਤਮ ਨਾਥ) ਨੇ ਦੋਸ਼ ਲਗਾਇਆ ਕਿ ਹਫ਼ਤਾ ਪਹਿਲਾਂ ਕੁਝ ਲੋਕਾਂ ਵੱਲੋਂ ਮੰਦਰ ਵਿੱਚ ਦਾਖ਼ਲ ਹੋ ਕੇ ਉਸ ਦੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਸੀ ਪ੍ਰੰਤੂ ਘਟਨਾ ਵਾਪਰਣ ਤੋਂ ਹਫ਼ਤਾ ਬਾਅਦ ਵੀ ਹਮਲਾਵਰ ਲੋਕਾਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਗਈ ਕਿ ਹਮਲਾਵਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉੱਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਇੰਸਪੈਕਟਰ ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਪੁਜਾਰੀ ਗੋਪੀ ਨਾਥ ਨਾਲ ਕੁਝ ਲੋਕਾਂ ਦੇ ਹੋਏ ਝਗੜੇ ਸਬੰਧੀ ਮਾਮਲੇ ਦੀ ਪੁਲੀਸ ਜਾਂਚ ਕਰ ਰਹੀ ਹੈ।