ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਸਤੰਬਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ), ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਸਾਂਝੇ ਸੱਦੇ ’ਤੇ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ-ਕਮ-ਸੰਘਰਸ਼ ਨੋਟਿਸ ਸੌਂਪੇ ਗਏ। ਇਸ ਦੌਰਾਨ ਰੈਗੂਲਰਾਈਜ਼ੇਸ਼ਨ ਦੀ ਉਡੀਕ ਕਰ ਰਹੇ ਓਡੀਐੱਲ ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈਟੀਟੀ ਅਧਿਆਪਕਾਂ ’ਤੇ ਜਬਰੀ ਥੋਪਿਆ ਨਵਾਂ ਤਨਖ਼ਾਹ ਸਕੇਲ ਰੱਦ ਕਰਕੇ ਈਟੀਟੀ ਦੀ 4500 ਭਰਤੀ ਦੇ ਸਾਰੇ ਲਾਭ ਬਹਾਲ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਦੋਵੇਂ ਮਾਮਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਇਨਸਾਫ ਰੈਲੀ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਥੇ ਇਕੱਤਰ ਹੋਏ ਅਧਿਆਪਕਾਂ ਨੇ ਸਰਕਾਰੀ ਰਵੱਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਅਧਿਆਪਕਾਂ ਦੀ ਇਕੱਤਰਤਾ ਨੂੰ ਡੀਟੀਐਫ਼ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਅਤਿੰਦਰ ਘੱਗਾ (ਜ਼ਿਲ੍ਹਾ ਪ੍ਰਧਾਨ, ਡੀਟੀਐੱਫ), ਹਰਿੰਦਰ ਕੁਮਾਰ (ਓਡੀਐੱਲ), ਨਵਦੀਪ ਸਮਾਣਾ, ਗੁਰਪ੍ਰੀਤ ਸਿੱਧੂ ਅਤੇ ਚਮਕੌਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ ਭਰਤੀ ਕੀਤੇ ਬਾਕੀ ਸਾਰੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ ਪਰ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤਕ ਰੈਗੂਲਰ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ’ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ। ਇਸੇ ਤਰ੍ਹਾਂ ਮਈ 2021 ਵਿੱਚ ਇਨ੍ਹਾਂ ਅਧਿਆਪਕਾਂ ਉੱਪਰ ਮੁੜ ਤੋਂ ਪਰਖ ਸਮਾਂ ਅਤੇ ਨਵਾਂ ਤਨਖਾਹ ਸਕੇਲ ਮੜ ਦਿੱਤਾ ਗਿਆ। ਇਸ ਕਾਰਨ ਹੁਣ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ 13 ਸਤੰਬਰ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪ੍ਰਸ਼ਾਸਨ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਸੰਘਰਸ਼ ਦਾ ਨੋਟਿਸ ਸੌਂਪਿਆ ਜਾਵੇਗਾ।
ਇਸ ਮੌਕੇ ਗਗਨ ਰਾਣੂ, ਭੁਪਿੰਦਰ ਮਰਦਾਂਹੇੜੀ, ਰਾਮਸ਼ਰਨ, ਜਸਪਾਲ ਚੌਧਰੀ, ਗੁਰਜੀਤ ਘੱਗਾ, ਹਰਵਿੰਦਰ ਬੇਲੂਮਾਜਰਾ, ਹਰਿੰਦਰ ਪਟਿਆਲਾ, ਗੁਰਵੀਰ ਟੋਡਰਪੁਰ, ਅਮਿਤ ਭਾਟੀਆ, ਦੀਪਕ ਸਮਾਣਾ, ਲਲਿਤ ਧਵਨ, ਮੋਂਟੀ ਸਮਾਣਾ, ਦੇਸ ਰਾਜ, ਰਾਜਿੰਦਰ ਸਮਾਣਾ ਅਤੇ ਚਮਕੌਰ ਪਟਿਆਲਾ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।