ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਮਈ
ਪਟਿਆਲਾ ਰਿਆਸਤ ਦਾ ਨਿਸ਼ਾਨ ਅੱਜ ਵੀ ਕਿਲ੍ਹਾ ਮੁਬਾਰਕ ਉੱਤੇ ‘ਸਰਬ ਧਰਮ ਸੰਗਮ’ ਦਾ ਸੰਦੇਸ਼ ਦੇ ਰਿਹਾ ਹੈ। ਇਹ ਨਿਸ਼ਾਨ ਪਟਿਆਲਾ ਦੀ ਨੀਂਹ ਰੱਖਣ ਵਾਲੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਕਾਰੀਗਰਾਂ ਵੱਲੋਂ ਤਿਆਰ ਕਰਵਾਇਆ ਸੀ। ਰਿਆਸਤਾਂ ਦੇ ਭੰਗ ਹੋਣ ਤੋਂ ਬਾਅਦ ਵੀ ਇਹ ਨਿਸ਼ਾਨ ਕਿਲ੍ਹਾ ਮੁਬਾਰਕ ’ਤੇ ਮੌਜੂਦ ਹੈ। ਪਟਿਆਲਾ ਇਸ ਦੇ ਪਿੱਲਰ ’ਤੇ ਤਿਰੰਗਾ ਵੀ ਲਹਿਰਾਉਂਦਾ ਸੀ ਪਰ ਦਹਾਕਾ ਕੁ ਪਹਿਲਾਂ ਤਿਰੰਗਾ ਵੱਖਰਾ ਕਰ ਦਿੱਤਾ ਗਿਆ। ਇਤਿਹਾਸ ਵਿਚ ਪਏ ਵੇਰਵਿਆਂ ਅਨੁਸਾਰ ਇਹ ਨਿਸ਼ਾਨ ਪਟਿਆਲਾ ਰਿਆਸਤ ਦਾ ਮੌਲਿਕ ਨਿਸ਼ਾਨ ਹੈ, ਇਸ ਨਿਸ਼ਾਨ ਵਿਚ ਜਿੱਥੇ ਮੁਸਲਮਾਨਾਂ ਦਾ ਚੰਦ ਨਜ਼ਰ ਆਉਂਦਾ ਹੈ ਉੱਥੇ ਹੀ ਹਿੰਦੂਆਂ ਦਾ ਤ੍ਰਿਸ਼ੂਲ ਵੀ ਨਜ਼ਰ ਆਉਂਦਾ ਹੈ। ਇਸ ਵਿਚ ਸਿੱਖਾਂ ਦਾ ਖੰਡਾ ਤੇ ਈਸਾਈਆਂ ਦਾ ਕਰਾਸ ਵੀ ਨਜ਼ਰ ਆਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਕਹਿੰਦੇ ਹਨ ਕਿ ਪਟਿਆਲਾ ਰਿਆਸਤ ਦੇ ਇਸ ਨਿਸ਼ਾਨ ’ਤੇ ਜੁਲਾਈ 1948 ਨੂੰ ਮਹਾਰਾਜਾ ਯਾਦਵਿੰਦਰ ਸਿੰਘ ਨੇ ਖ਼ੁਦ ਤਿਰੰਗਾ ਲਹਿਰਾਇਆ ਸੀ, ਉਸ ਵੇਲੇ ਇੱਥੇ ਸਰਦਾਰ ਪਟੇਲ ਵੀ ਆਏ ਸਨ। ਇਹ ਕਿਲਾ 1764 ਵਿਚ ਉਸਾਰਨਾ ਸ਼ੁਰੂ ਹੋਇਆ। ਇਹ ਕਿਲ੍ਹਾ ਬਾਬਾ ਆਲਾ ਸਿੰਘ ਦੇ ਪੋਤਰੇ ਮਹਾਰਾਜਾ ਅਮਰ ਸਿੰਘ ਨੇ ਪੂਰਾ ਕੀਤਾ। ਇਹ ਨਿਸ਼ਾਨ ਵਿਰਾਸਤੀ ਨਿਸ਼ਾਨ ਹੈ, ਇਹ ਸਾਡੀਆਂ ਯਾਦਗਾਰਾਂ ਹਨ,ਇਸ ਦੀ ਸੰਭਾਲ ਕਰਨੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਕਿਲ੍ਹੇ ਦਾ ਸਾਰਾ ਕੰਮ ਸੰਭਾਲ ਰਹੇ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਨਿਸ਼ਾਨ ਬਾਰੇ ਪਟਿਆਲਾ ਦੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ, ਅਨਜਾਣਤਾ ਵਿਚ ਇਸ ਨਿਸ਼ਾਨ ਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਜੋੜ ਦਿੰਦੇ ਹਨ ਪਰ ਅਸਲ ਵਿਚ ਇਹ ਨਿਸ਼ਾਨ ਪਟਿਆਲਾ ਰਿਆਸਤ ਨਾਲ ਹੀ ਸਬੰਧਤ ਹੈ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਨਿਸ਼ਾਨ ਸਾਡੀ ਵਿਰਾਸਤ ਹੈ, ਇਸ ਨੂੰ ਸੰਭਾਲਣਾ ਸਾਡਾ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਗੋਂ ਉਹ ਪਤਾ ਲਗਾਉਣਗੇ ਕੇ ਇਸ ਦਾ ਪਿਛੋਕੜ ਕੀ ਹੈ ਤਾਂ ਕਿ ਇਸ ਸਬੰਧ ਵਿਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।