ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 2 ਨਵੰਬਰ
ਇੱਥੋਂ ਦੇ ਵਾਰਡ ਨੰਬਰ 21 ਅਧੀਨ ਆਉਂਦੇ ਪਿੰਡ ਧਮੋਲੀ ਵਾਸੀਆਂ ਨੂੰ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਦੇ ਵਸਨੀਕ ਗੁਰਵਿੰਦਰ ਸਿੰਘ, ਕੇਹਰ ਸਿੰਘ, ਜਗਦੀਸ਼ ਕੁਮਾਰ, ਮਨਜੀਤ ਕੌਰ, ਗੁਰਨਾਮ ਕੌਰ, ਸੁਨੀਤਾ ਰਾਣੀ ਅਤੇ ਨਿਰਮਲ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਪਿੰਡ ਦੇ ਵਾਟਰ ਵਰਕਸ ਤੋਂ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕੀਤੀ ਜਾਂਦੀ ਹੈ ਜੋ ਟਿਊਬਵੈਲ ਦੀ ਅਕਸਰ ਹੀ ਮੋਟਰ ਖਰਾਬ ਹੋਣ ਕਾਰਨ ਕਈ-ਕਈ ਦਿਨਾਂ ਤੱਕ ਨਹੀਂ ਆਉਂਦੀ। ਹੁਣ ਲੰਘੇ ਦੋ ਦਿਨਾਂ ਤੋਂ ਪਿੰਡ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਪਿੰਡ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਤਿੱਖਾ ਰੋਸ ਹੈ। ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਾਰ-ਵਾਰ ਪੁਰਾਣੀ ਮੋਟਰ ਦੀ ਮੁਰੰਮਤ ਨਾ ਕਰਵਾ ਕੇ ਨਵੀਂ ਮੋਟਰ ਪਾਉਣ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਪਾਣੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ।
ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ: ਐੱਸਡੀਓ
ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸਡੀਓ ਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਵਾਟਰ ਵਰਕਸ ਦੇ ਟਿਊਬਵੈੱਲ ਦੀ ਮੋਟਰ ਖਰਾਬ ਹੋ ਗਈ ਸੀ ਜਿਸ ਦੀ ਮੁਰੰਮਤ ਕਰਵਾਈ ਗਈ ਹੈ ਤੇ ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ।