ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਨਾ ਮਿਲਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਬੰਧੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਵਫ਼ਦ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਅਤੇ ਐਡੀਸ਼ਨਲ ਪ੍ਰੋਵੋਸਟ ਡਾ. ਨੈਨਾ ਸ਼ਰਮਾ ਨੂੰ ਮਿਲਿਆ।
ਪੀਆਰਐੱਸਯੂ ਆਗੂ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਵਿਦਿਆਰਥਣਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਸਟਲ ਦਿੱਤੇ ਜਾਣ ਕਿਉਂਕਿ ਕਈ ਵਿਭਾਗਾਂ ’ਚ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ ਜਦਕਿ ਬਹੁਤ ਸਾਰੇ ਵਿਭਾਗ 1 ਸਤੰਬਰ ਤੋਂ ਕਲਾਸਾਂ ਸ਼ੁਰੂ ਕਰ ਰਹੇ ਹਨ। ਵੱਡੀ ਗਿਣਤੀ ਵਿਦਿਆਰਥਣਾਂ ਯੂਨੀਵਰਸਿਟੀ ਤੋਂ ਬਾਹਰ ਪੀਜੀ ਵਜੋਂ ਰਹਿ ਕੇ ਪੜ੍ਹਾਈ ਕਰਨ ਤੋਂ ਅਸਮਰੱਥ ਹਨ। ਇਸ ’ਤੇ ਡੀਨ ਵੱਲੋਂ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।