ਸੁਭਾਸ਼ ਚੰਦਰ
ਸਮਾਣਾ, 8 ਅਕਤੂਬਰ
ਪਟਿਆਲਾ ਤੋਂ ਸਮਾਣਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਦੇ ਰਸਤੇ ’ਚ ਪੈਂਦੇ ਪਿੰਡ ਫਤਿਹਪੁਰ ਵਿਖੇ ਬੱਸ ਦੇ ਨਾ ਰੁਕਣ ਕਾਰਨ ਇਕ ਵਿਦਿਆਰਥਣ ਨੇ ਚੱਲਦੀ ਬੱਸ ’ਚੋਂ ਛਾਲ ਮਾਰ ਦਿੱਤੀ। ਜਿਸ ਕਾਰਨ ਵਿਦਿਆਰਥਣ ਗੰਭੀਰ ਜ਼ਖ਼ਮੀ ਹੋ ਗਈ। ਰਾਹਗੀਰਾ ਵੱਲੋਂ ਬੇਹੋਸ਼ੀ ਦੀ ਹਾਲਤ ਵਿੱਚ ਵਿਦਿਅਰਥਣ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਵਿਦਿਆਰਥਣ ਦੇ ਸਕੂਲ ਬੈਗ ’ਚੋਂ ਮਿਲੇ ਦਸਤਾਵੇਜ਼ਾ ਮੁਤਾਬਿਕ ਉਸ ਦੀ ਪਛਾਣ ਰਮਨਦੀਪ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਪਿੰਡ ਕਾਕੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਮਨਦੀਪ ਕੌਰ ਪਿੰਡ ਟੋਡਰਪੁਰ ਦੇ ਸਕੂਲ ’ਚ ਪੜ੍ਹਦੀ ਹੈ ਤੇ ਅੱਜ ਉਹ ਕਿਸੇ ਕੰਮ ਪਟਿਆਲਾ ਗਈ ਸੀ। ਜਦੋਂ ਉਹ ਪਟਿਆਲਾ ਤੋਂ ਪੀ.ਆਰ.ਟੀ.ਸੀ ਦੀ ਬੱਸ ਰਾਹੀ ਵਾਪਸ ਆ ਰਹੀ ਤਾਂ ਉਸ ਨੇ ਬੱਸ ਦੇ ਕੰਡਕਟਰ ਨੂੰ ਪਿੰਡ ਫਤਿਹਪੁਰ ’ਚ ਬੱਸ ਰੋਕਣ ਲਈ ਕਿਹਾ ਪਰ ਉਸ ਨੇ ਬੱਸ ਫਤਿਹਪੁਰ ਦੇ ਬੱਸ ਅੱਡੇ ’ਤੇ ਨਾ ਰੋਕੀ ਤਾਂ ਉਸ ਨੇ ਘਬਰਹਾਟ ’ਚ ਆ ਕੇ ਚਲਦੀ ਬੱਸ ’ਚੋਂ ਛਾਲ ਮਾਰ ਦਿੱਤੀ ਤੇ ਸੜਕ ’ਤੇ ਡਿੱਗਣ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਪੁਲੀਸ ਇਸ ਮਾਮਲੇ ਵਿੱਚ ਆਪਣੇ-ਆਪ ਨੂੰ ਅਣਜਾਣ ਦੱਸ ਰਹੀ ਹੈ।