ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਗਸਤ
ਪੰਜਾਬੀ ਯੂਨੀਵਰਸਿਟੀ ਵਿਚਲੀ ‘ਡਾ. ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ’ ਵਿੱਚ ਧਾਰਮਿਕ ਕਿਤਾਬਾਂ ਦੀ ਬੇਅਦਬੀ ਹੋਣ ਦੇ ਦੋਸ਼ ਲਾਉਂਦਿਆਂ ਸੈਕੂਲਰ ਯੂਥ ਫੈੱਡਰੇਸ਼ਨ ਆਫ਼ ਇੰਡੀਆ (ਸੈਫੀ) ਵੱਲੋਂ ਅੱਜ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਵੀਸੀ ਪ੍ਰੋ. ਅਰਵਿੰਦ ਦੇ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਸੌਂਪਦਿਆਂ ਮਾਮਲੇ ਦੀ ਉੱੱਚ ਪੱਧਰੀ ਜਾਂਚ ਕਰਵਾ ਕੇ ਕਥਿਤ ਦੋਸ਼ੀਆਂ ਨੂੰ ਨਸ਼ਰ ਕਰਨ ’ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਯਾਦਵਿੰਦਰ ਯਾਦੂ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਾਇਬ੍ਰੇਰੀ ਨਾਲ ਸਬੰਧਤ ਸਟਾਕ ਡੈਰੀਫਿਕੇਸ਼ਨ ਕਮੇਟੀ ਨੇ ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਵਿੱਚ ਸਟਾਕ ਡੈਰੀਫਿਕੇਸ਼ਨ ਦੀ ਆੜ ਹੇਠ ਉੱਥੇ ਰੇਅਰ ਕੁਲੈਕਸ਼ਨ ਵਿੱਚ ਪਈਆਂ ਧਾਰਮਿਕ ਪੋਥੀਆਂ ਅਤੇ ਸਿੱਖ ਇਤਿਹਾਸ ਦੇ ਦੁਰਲੱਭ ਖਰੜਿਆਂ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਥਿਤ ਤੌਰ ’ਤੇ ਨੀਚੇ ਸੁੱਟ ਪੈਰਾਂ ਹੇਠਾਂ ਰੋਲ਼ਦਿਆਂ ਬੇਅਦਬੀ ਕੀਤੀ ਗਈ ਹੈ। ਇਸ ਹਰਕਤ ਨੂੰ ਹਿਰਦੇ ਵਲੂੰਧਰਣ ਦੇ ਤੁੱਲ ਦੱਸਦਿਆਂ ਪ੍ਰਧਾਨ ਯਾਦਵਿੰਦਰ ਯਾਦੂ ਤੇ ਸੈਫ਼ੀ ਦੇ ਹੋਰ ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਤੋਂ ਇਸ ਮਸਲੇ ਵੱਲ ਤੁਰੰਤ ਧਿਆਨ ਦਿੰਦਿਆਂ ਕਥਿਤ ਦੋਸ਼ੀਆਂ ਦੀ ਜਲਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਮੌਕੇ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ, ਸਤਬੀਰ ਸਿੰਘ, ਸਾਹਿਲ ਬਾਂਸਲ, ਸ਼ੁਭਰੀਤ ਸਿੰਘ, ਮਹਿਕਪ੍ਰੀਤ ਸਿੰਘ, ਮਿੱਠਾ ਸਿੰਘ ਤੇ ਧਰੁਵ ਹਾਜ਼ਰ ਸਨ।