ਖੇਤਰੀ ਪ੍ਰਤੀਨਿਧ
ਪਟਿਆਲਾ, 28 ਜੂਨ
ਪੰਜਾਬੀ ਯੂਨੀਵਰਸਿਟੀ ਦੇ ਮਾਲਵਾ ਖੇਤਰ ਨਾਲ ਸਬੰਧਤ 14 ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ 15 ਜੂਨ ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦੀ ਅਗਵਾਈ ਬਲਵਿੰਦਰ ਸਿੰਘ ਨੇ ਕੀਤੀ। ਇਸ ਦੌਰਾਨ ਪਿਛਲੇ ਦਿਨਾ ਤੋਂ ਰੋਜ਼ਾਨਾ ਦੋ ਅਧਿਆਪਕ ਚੌਵੀ ਘੰਟਿਆਂ ਲਈ ਭੁੱਖ ਹੜਤਾਲ਼ ’ਤੇ ਵੀ ਬੈਠਦੇ ਹਨ। ਇਨ੍ਹਾਂ ਅਧਿਆਪਕਾਂ ਦਾ ਇਹ ਧਰਨਾ ਦਿਨ ਰਾਤ ਲਗਾਤਾਰ ਚੱਲ ਰਿਹਾ ਹੈ। ਉਹ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਬਾਰਾਂ ਮਹੀਨੇ ਕੰਮ ਕਰਵਾ ਕੇ ਅੱਠ ਮਹੀਨਿਆਂ ਦੀ ਹੀ ਤਨਖਾਹ ਦੇਣ ਦੀ ਕਾਰਵਾਈ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਤੁਲ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦਾ ਕਹਿਣਾ ਸੀ ਕਿ ਦੋ ਹਫਤੇ ਹੋਣ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਕੋਈ ਵੀ ਅਸਰ ਨਹੀਂ ਹੋ ਰਿਹਾ, ਜੋ ਅਤਿ-ਨਿੰਦਣਯੋਗ ਹੈ।
ਉਨ੍ਹਾਂ ਦਾ ਮੰਗ ਹੈ ਕਿ ਸਰਕਾਰੀ ਕਾਲਜਾਂ ਦੀ ਤਰਜ਼ ’ਤੇ ਬਾਰਾਂ ਮਹੀਨੇ ਤਨਖਾਹ ਦਿੱਤੀ ਜਾਵੇ ਕਿਉਂਕਿ ਉਹ ਕੰਮ ਵੀ 12 ਮਹੀਨੇ ਕਰ ਰਹੇ ਹਨ। ਇਸ ਸਬੰਧੀ ਨਵੰਬਰ 2020 ’ਚ ਯੂਨੀਵਰਸਿਟੀ ਅਥਾਰਿਟੀ ਵੱਲੋਂ ਪੱਤਰ ਵੀ ਜਾਰੀ ਹੋਇਆ ਸੀ, ਜਿਸ ਵਿਚ ਗੈਸਟ ਫੈਕਲਿਟੀ ਨੂੰ 12 ਮਹੀਨੇ ਕਰਨ ਵਾਲੀ ਮੰਗ ਮੰਨ ਲਈ ਗਈ ਸੀ ਪਰ ਵਰਤਮਾਨ ਪ੍ਰਸ਼ਾਸਨ ਵੱਲੋਂ ਇਹ ਪੱਤਰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ। ਸਗੋਂ ਤਨਖਾਹ 7-8 ਮਹੀਨੇ ਹੀ ਦਿੱਤੀ ਜਾਣਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਪ੍ਰੋ. ਹਰਵਿੰਦਰ ਸਿੰਘ,ਪ੍ਰੋ. ਕਰਮਜੀਤ ਕੌਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਸੰਗੀਤਾ ਸ਼ਰਮਾ ਅਤੇ ਪ੍ਰੋ. ਗ਼ਜ਼ਲ ਮਿੱਤਲ ਨੇ ਵੀ ਅਧਿਆਪਕਾ ਨੂੰ ਸੰਬੋਧਨ ਕੀਤਾ।