ਰਵੇਲ ਸਿੰਘ ਭਿੰਡਰ
ਪਟਿਆਲਾ, 5 ਅਗਸਤ
ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਐਂਪਲਾਈਜ਼ ਫੈਡਰੇਸ਼ਨ ਏਟਕ, ਐਂਪਲਾਈਜ਼ ਫੈਡਰੇਸ਼ਨ ਚਾਹਲ, ਆਈਟੀਆਈ ਐਂਪਲਾਈਜ਼ ਐਸੋਸੀਏਸ਼ਨ, ਐਂਪਲਾਈਜ਼ ਫੈਡਰੇਸ਼ਨ ਪਾਵਰਕੌਮ ਤੇ ਟਰਾਂਸਕੋ ਦੇ ਸਾਂਝੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਮੋਬਾਈਲ ਭੱਤਾ ਕੱਟਣ ਦੇ ਵਿਰੋਧ ਵਿੱਚ ਪੰਜਾਬ ਦੀਆਂ ਵੱਖ ਵੱਖ ਸਬ ਡਵੀਜ਼ਨਾਂ ’ਤੇ ਵਿਸ਼ਾਲ ਰੋਹ ਭਰਭੂਰ ਰੈਲੀਆਂ ਕੀਤੀਆਂ। ਕਈ ਥਾਵਾਂ ’ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਜਥੇਬੰਦੀ ਦੇ ਸੁਬਾਈ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਾਮਲੇ ਵਿੱਚ ਦੋਹਰੇ ਮਾਪਦੰਡ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਵਿਡ-19 ਦੌਰਾਨ ਮੁਲਾਜ਼ਮਾਂ ਨੂੰ ਸਰਕਾਰੀ ਕੰਮ ਘਰ ਤੋਂ ਕਰਨ ਲਈ ਇੰਟਰਨੈੱਟ ਤੇ ਵਾਟਸਐਪ ਵਰਗੀਆਂ ਐਪਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਮੁਲਾਜ਼ਮਾਂ ਦੇ ਮੁਬਾਈਲ ਭੱਤੇ ’ਤੇ ਕੱਟ ਲਾਉਣਾ ਮੁਲਾਜ਼ਮ ਵਰਗ ਨਾਲ ਅਨਿਆਂ ਹੈ। ਜਥੇਬੰਦੀਆਂ ਨੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਅਗਲੇ ਸੰਘਰਸ਼ ਦੀ ਤਿਆਰੀ ਸ਼ੁਰੂ ਕਰ ਦੇਣ।