ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਮੰਲਗਲ਼ਵਾਰ ਨੂੰ ਮੀਂਹ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਸ਼ਾਹੀ ਸ਼ਹਿਰ ਮੁੜ ਜਲ-ਥਲ ਹੋ ਗਿਆ। ਕੁਝ ਥਾਈਂ ਸੀਵਰੇਜ ਲਾਈਨ ਬਲੌਕ ਹੋਣ ਦੀ ਸਮੱਸਿਆ ਵੀ ਆਈ। ਭਾਸ਼ਾ ਵਿਭਾਗ ਦੇ ਕੋਲ਼ੋਂ ਗੰਦਾ ਨਾਲ਼ਾ ਉੱਛਲਨ ਕਰ ਕੇ ਗੰਦਾ ਪਾਣੀ ਸੜਕ ’ਤੇ ਹੋੋ ਤੁਰਿਆ ਤੇ ਕੂੜਾ ਕਰਕਟ ਸੜਕਾਂ ’ਤੇ ਖਿੱਲਰ ਗਿਆ।
ਨਗਰ ਨਿਗਮ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਲੋਕਾਂ ਵੱਲੋਂ ਕੂੜਾ ਕਰਕਟ, ਖਾਸ ਕਰ ਕੇ ਲਿਫਾਫੇ ਅਤੇ ਪਲਾਸਟਿਕ ਦੀਆਂ ਵਸਤਾਂ ਆਦਿ ਨਾਲ਼ੇ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ਼ ਡਾਫ਼ ਲੱਗ ਕੇ ਨਾਲਾ ਉੱਛਲ ਜਾਂਦਾ ਹੈ। ਇਸੇ ਦੌਰਾਨ ਅੱਜ ਦੇ ਮੀਂਹ ਦੌਰਾਨ ਛੋਟੀ ਬਾਰਾਂਦਰੀ, ਧੋਬ ਘਾਟ, ਭਾਸ਼ਾ ਵਿਭਾਗ, ਚਾਂਦਨੀ ਚੌਕ, ਰਾਘੋਮਾਜਰਾ, ਤ੍ਰਿਪੜੀ ਖੇਤਰ, ਪੋਲੋ ਗਰਾਊਂਡ ਖੇਤਰ ਸਣੇ ਅਨੇਕਾਂ ਹੋਰ ਖੇਤਰਾਂ ਵਿਚਲੀਆਂ ਸੜਕਾਂ ਅਤੇ ਹੋਰ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਮੁੱਚੇ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ।
ਇਸੇ ਦੌਰਾਨ ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਅਤੇ ਕੌਂਸਲਰ ਕੇ. ਕੇ. ਮਲਹੋਤਰਾ ਨੇ ਆਪਣੇ ਵਾਰਡ ਦਾ ਪੈਦਲ ਹੀ ਦੌਰਾ ਕਰ ਕੇ ਬਰਸਾਤ ਦੌਰਾਨ ਆਉਣ ਵਾਲ਼ੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਹੀ ਉਨ੍ਹਾਂ ਨੇ ਕੁਝ ਥਾਂ ਨਗਰ ਨਿਗਮ ਦੇ ਸਬੰਧਿਤ ਸੀਵਰ ਮੈਨਾ ਤੋਂ ਸੀਵਰੇਜ ਦੀ ਲਾਈਨ ਵੀ ਸਾਫ਼ ਕਰਵਾਈ।
ਇਸੇ ਤਰ੍ਹਾਂ ਅੱਜ ਦਿਹਾਤੀ ਖੇਤਰ ਵਿਚ ਵੀ ਭਰਵਾਂ ਮੀਂਹ ਪਿਆ। ਜ਼ਿਲ੍ਹਾ ਖੇਤੀਬਾੜੀ ਅਫਸਰ ਸੁਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ ਪਰ ਮੱਕੀ ਦੀ ਫ਼ਸਲ ਵਿਚ ਲਗਾਤਾਰ ਪਾਣੀ ਨਹੀਂ ਖੜ੍ਹਨਾ ਚਾਹੀਦਾ।