ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਨਵੰਬਰ
ਪੰਜਾਬ ਦੇ ਖੇਡਾਂ ਤੇ ਯੁਵਕ ਭਲਾਈ ਵਿਭਾਗਾਂ ਦੇ ਮੰਤਰੀ ਪਰਗਟ ਸਿੰਘ ਅੱਜ ਕੌਮਾਂਤਰੀ ਮੁੱਕੇਬਾਜ਼ ਕੌਰ ਸਿੰਘ ਦੀ ਮਿਜ਼ਾਜ-ਪੁਰਸ਼ੀ ਲਈ ਇੱਥੇ ਬਡੂੰਗਰ ਸਥਿਤ ਇੱਕ ਨਿੱਜੀ ਹਸਪਤਾਲ ’ਚ ਪੁੱਜੇ। ਪਦਮਸ੍ਰੀ, ਅਰਜਨ ਅਵਾਰਡ ਅਤੇ ਵਿਸ਼ਿਸ਼ਟ ਸੈਨਾ ਮੈਡਲ ਨਾਲ ਸਨਮਾਨਿਤ, ਮੁੱਕੇਬਾਜ਼ੀ ਦੇ ਕੌਮਾਂਤਰੀ ਖਿਡਾਰੀ ਕੌਰ ਸਿੰਘ ਸਰੀਰਕ ਪੱਖੋਂ ਠੀਕ ਨਹੀਂ ਹਨ। ਜ਼ਿਕਰਯੋਗ ਹੈ ਕਿ ਕੌਰ ਸਿੰਘ 1982 ਏਸ਼ੀਅਨ ਗੇਮਜ਼ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੇ ਸੋਨ ਤਮਗ਼ਾ ਜੇਤੂ ਮੁੱਕੇਬਾਜ਼ ਹਨ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕੌਰ ਸਿੰਘ ਨਾਲ 1996 ਉਲੰਪਿਕ ਖੇਡਾਂ ਦੇ ਸਮੇਂ ਦੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕੌਰ ਸਿੰਘ ਦੀ ਪਤਨੀ ਬਲਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੰਤਰੀ ਨੇ ਡਾਕਟਰਾਂ ਦੀ ਟੀਮ ਤੋਂ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਵੀ ਲਈ। ਇਸ ਮੌਕੇ ਪਟਿਆਲਾ ਐੱਸਪੀ (ਸਿਟੀ) ਹਰਪਾਲ ਸਿੰਘ ਹਾਜ਼ਰ ਸਨ।