ਗੁਰਨਾਮ ਸਿੰਘ ਚੌਹਾਨ
ਪਾਤੜਾਂ 31 ਜੁਲਾਈ
ਪਿੰਡ ਜੋਗੇਵਾਲਾ ਗੁਲਾੜ੍ਹ ਅਤੇ ਨਾਈਵਾਲਾ ਦੀਆਂ ਨੀਵੀਆਂ ਥਾਵਾਂ ’ਤੇ ਬਰਸਾਤਾਂ ਦੇ ਭਰੇ ਪਾਣੀ ਕਾਰਨ ਡੁੱਬੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਦੀ ਨਿਕਾਸੀ ਕਰਵਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਸ਼ੁੱਕਰਵਾਰ ਨੂੰ ਜਾਮ ਲਗਾਇਆ ਗਿਆ ਸੀ। ਇਹ ਜਾਮ ਦੇਰ ਰਾਤ ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ ਨੂੰ ਸਵੇਰੇ ਦਸ ਵਜੇ ਤੱਕ ਪੁਲੀਆਂ ਖੁਲ੍ਹਵਾ ਦਿੱਤੇ ਜਾਣ ਦੇ ਭਰੋਸੇ ਮਗਰੋਂ ਖ਼ਤਮ ਕਰ ਦਿੱਤਾ ਗਿਆ ਸੀ। ਇਹ ਪੁਲੀਆਂ ਖੋਲ੍ਹੇ ਜਾਣ ਨੂੰ ਲੈ ਕੇ ਸਥਿਤੀ ਹਾਲੇ ਵੀ ਤਣਾਅਪੂਰਨ ਬਣੀ ਹੋਈ ਹੈ। ਡੁੱਬੀਆਂ ਫ਼ਸਲਾਂ ਦੇ ਮਾਲਕ ਕਿਸਾਨਾਂ ਵੱਲੋਂ ਅੱਜ ਸਵੇਰੇ ਦਸ ਵਜੇ ਤੱਕ ਪ੍ਰਸ਼ਾਸਨ ਦੇ ਨਾਕਾਮ ਰਹਿਣ ਦੇ ਰੋਸ ਵਜੋਂ ਮੁੜ ਤੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਲਗਾ ਦਿੱਤਾ ਗਿਆ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਕਈ ਕਿਲੋਮੀਟਰ ਤੱਕ ਲੱਗੇ ਜਾਮ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਗੱਡੀ ਵੀ ਫਸ ਗਈ ਸੀ। ਇਸ ਮਗਰੋਂ ਉਹ ਕਰੀਬ ਦੋ ਕਿਲੋਮੀਟਰ ਪੈਦਲ ਚੱਲ ਕੇ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਲੋਕਾਂ ਨਾਲ ਧਰਨੇ ਉੱਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਮਾਮਲਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੇ ਧਿਆਨ ਵਿੱਚ ਲਿਆਉਣ ’ਤੇ ਉਨ੍ਹਾਂ ਵੱਲੋਂ ਦਿੱਤੇ ਭਰੋਸੇ ਮਗਰੋਂ ਜਾਮ ਖੋਲ੍ਹਿਆ ਗਿਆ ਸੀ। ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਬੰਦ ਕੀਤੀਆਂ ਪੁਲੀਆਂ ਖੁੱਲ੍ਹਵਾਉਣ ਨੂੰ ਲੈ ਕੇ ਕੀਤੀ ਜਾ ਰਹੀ ਚਾਰਾਜੋਈ ਦੇ ਚਲਦਿਆਂ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਜਾਮ ਲਗਾਏ ਜਾਣ ਦਾ ਪਤਾ ਲਗਦਿਆਂ ਹੀ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਅਤੇ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ ਦੀ ਅਗਵਾਈ ਵਿੱਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਮੌਕੇ ਵਾਲੀ ਥਾਂ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਪਿੰਡ ਗੁਲਾੜ੍ਹ ਤੋਂ ਖਾਂਗ ਅਤੇ ਤੇ ਨੂਰਪੁਰਾ ਜਾਣ ਵਾਲੀਆਂ ਸੜਕਾਂ ਹੇਠਾਂ ਦੱਬੀਆਂ ਪੁਲੀਆਂ ਨੂੰ ਖੁੱਲ੍ਹਵਾ ਦਿੱਤੇ ਜਾਣ ਦੇ ਬਾਵਜੂਦ ਗੁਲਾੜ੍ਹ-ਜੋਗੇਵਾਲਾ ਪਿੰਡ ਸੜਕ ਉੱਤੇ ਦੱਬੀਆਂ ਪੁਲੀਆਂ ਸਾਹਮਣੇ ਬਣਾਇਆ ਗਿਆ ਬੰਨ੍ਹ ਨਾ ਖੋਲ੍ਹਣ ਲਈ ਬਜ਼ਿੱਦ ਹਨ। ਬੰਨ੍ਹ ਲਗਾਈ ਬੈਠੇ ਲੋਕਾਂ ਨੇ ਦੱਸਿਆ ਕਿ ਪਿੱਛੇ ਜਮ੍ਹਾਂ ਹੋਇਆ ਪਾਣੀ ਇਕਦਮ ਆ ਜਾਣ ਕਾਰਨ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਹੋਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਬੀਤੀ ਰਾਤ ਤੋਂ ਲਗਾਤਾਰ ਪ੍ਰਸ਼ਾਸਨ ਦੇ ਕਹਿਣ ’ਤੇ ਬੰਨ੍ਹ ਦਾ ਕੁਝ ਹਿੱਸਾ ਖੋਲ੍ਹ ਕੇ ਪਾਣੀ ਦਾ ਨਿਕਾਸ ਚੱਲ ਰਿਹਾ ਹੈ।
ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਨੇ ਕਿਹਾ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਨੂਰਪੁਰਾ-ਗੁਲਾੜ੍ਹ ਅਤੇ ਗੁਲਾੜ੍ਹ-ਖਾਂਗ ਸੜਕ ਉੱਤੇ ਦੱਬੀਆਂ ਪੁਲੀਆਂ ਨੂੰ ਖੁਲ੍ਹਵਾ ਦਿੱਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਬੰਨ੍ਹ ਦਸ ਫੁੱਟ ਤੱਕ ਖੁੱਲ੍ਹਵਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ।
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ
ਐੱਸਡੀਐਮ ਪਾਲਿਕਾ ਅਰੋੜਾ ਅਤੇ ਡੀਐੱਸਪੀ ਬੂਟਾ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਈਪ ਤਾਂ ਖੁੱਲ੍ਹਵਾ ਦਿੱਤੇ ਗਏ ਹਨ। ਪੁਲੀਆਂ ਤੋਂ ਅੱਗੇ ਲਾਇਆ ਗਿਆ ਬੰਨ੍ਹ ਵੀ ਥੋੜ੍ਹਾ ਖੁੱਲ੍ਹਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੰਨ੍ਹ ਪੂਰਾ ਹੀ ਖੁੱਲ੍ਹਵਾ ਦਿੱਤਾ ਜਾਵੇਗਾ। ਇਸ ਭਰੋਸੇ ਮਗਰੋਂ ਕਿਸਾਨਾਂ ਤੇ ਇਲਾਵਾ ਵਾਸੀਆਂ ਨੇ ਅੱਠ ਘੰਟਿਆਂ ਤੋਂ ਲਾਇਆ ਧਰਨਾ ਚੁੱਕ ਦਿੱਤਾ ਅਤੇ ਆਵਾਜਾਈ ਬਹਾਲ ਹੋ ਗਈ।