ਰਵੇਲ ਸਿੰਘ ਭਿੰਡਰ
ਪਟਿਆਲਾ, 2 ਅਗਸਤ
ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਖੇ ਸੌ ਸਾਲਾ ਪੁਰਾਤਨ ਸਫਰੀ ਸਰੂਪ ਗੁੰਮ ਹੋਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜ ਮੈਂਬਰੀ ਟੀਮ ਦਾ ਗਠਨ ਕੀਤੇ ਜਾਣ ਤੋਂ ਬਾਅਦ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ ’ਚ ਟੀਮ ਦੇ ਮੈਂਬਰ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਖੇ ਪਹੁੰਚੇ।
ਗੁਰਦੁਆਰੇ ਵਿਚ ਟੀਮ ਦੇ ਪੁੱਜਣ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪਤਵੰਤੇ ਮੌਕੇ ’ਤੇ ਮੌਜੂਦ ਸਨ। ਗੁਰਦੁਆਰੇ ਵਿਚ ਕਮੇਟੀ ਮੈਂਬਰਾਂ ਨਾਲ ਲੰਮੀ ਮੀਟਿੰਗ ਚੱਲੀ। ਇਸ ਦੌਰਾਨ ਟੀਮ ਨੇ ਜਾਂਚ ਪੜਤਾਲ ਦੌਰਾਨ ਗ੍ਰੰਥੀ ਸਿੰਘਾਂ, ਕਮੇਟੀ ਮੈਂਬਰਾਂ ਅਤੇ ਪਿੰਡ ਦੀਆਂ ਸੰਗਤਾਂ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਰੀਆਂ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ ਪਰ ਸਰੂਪ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕਲਮਬੱਧ ਕੀਤੇ ਬਿਆਨਾਂ ਦੇ ਆਧਾਰ ’ਤੇ ਕਮੇਟੀ ਆਪਣੀ ਪਲੇਠੀ ਰਿਪੋਰਟ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਰਹੀ ਹੈ ਅਤੇ ਅਗਲੇਰੀ ਜਾਂਚ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਧਰਮ ਪ੍ਰਚਾਰ ਕਮੇਟੀ ਵੱਲੋਂ ਪਰਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਆਦਿ ਵੀ ਹਾਜ਼ਰ ਸਨ।
ਸਿਰਫ਼ ਲੈਨਜ਼ ਨਾਲ ਹੀ ਪੜ੍ਹਿਆ ਜਾ ਸਕਦਾ ਸੀ ਸਰੂਪ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਿਛਾਬਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਸਰੂਪ ਹਨ ਅਤੇ ਇਕ ਸਫਰੀ ਸਰੂਪ ਜੋ ਸੰਤ ਬਾਬਾ ਕਿਰਪਾਲ ਸਿੰਘ ਦੇ ਵੇਲੇ ਦਾ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਸੀ, ਜਿਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਜਾਂਦੇ ਸਨ ਅਤੇ ਇਹ ਸਫਰੀ ਸਰੂਪ ਵੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਬਾਕੀ ਸਰੂਪਾਂ ਨਾਲ ਪਿਆ ਸੀ। ਇਹ ਸਰੂਪ ਸਿਰਫ ਲੈਨਜ਼ ਨਾਲ ਹੀ ਪੜ੍ਹਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਬਾਬਾ ਸੋਹਣ ਸਿੰਘ ਅਤੇ ਹੈੱਡ ਗ੍ਰੰਥੀ ਸਤਨਾਮ ਸਿੰਘ ਪਾਸੋਂ ਪੁੱਛ-ਪੜਤਾਲ ਕੀਤੀ ਗਈ ਪਰ ਮਾਮਲਾ ਹਾਲੇ ਤਸੱਲੀਬਖਸ਼ ਪਹੁੰਚ ’ਤੇ ਨਹੀ ਅੱਪੜਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਟੀਮ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਆਪਣੇ ਪੱਧਰ ’ਤੇ ਇਹ ਸਾਰਾ ਮਾਮਲਾ ਪੁਲੀਸ ਪ੍ਰਸ਼ਾਸਨ ਦੇ ਧਿਆਨ ’ਚ ਲਿਆ ਚੁੱਕੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ।