ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਪ੍ਰਬੰਧਕੀ ਤਬਦੀਲੀਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਣਾਏ ਗਏ ਪਟਿਆਲਾ ਵਾਸੀ ਡਾ. ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹੋਰ ਵਧੇਰੇ ਬਿਹਤਰੀ ਅਤੇ ਸੰਗਤਾਂ ’ਚ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਫ਼ੈਸਲਿਆਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਗੁਰਧਾਮਾਂ ’ਚ ਵਿਚ ਪ੍ਰਬੰਧਾਂ ਨੂੰ ਹੋਰ ਵਧੇਰੇ ਚੁਸਤ ਦਰੁਸਤ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਾਵੇਗੀ।
ਦੋ ਦਿਨ ਪਹਿਲਾਂ ਹੀ ਸਕੱਤਰ ਵਜੋਂ ਮਿਲੀ ਇਸ ਨਵੀਂ ਜ਼ਿੰਮੇਵਾਰੀ ਉਪਰੰਤ ਉਹ ਅੱਜ ਪਹਿਲੀ ਵਾਰ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਣ ਸਾਹਿਬ ਵਿੱਚ ਨਤਮਸਤਕ ਹੋਣ ਆਏ ਸਨ। ਇਸ ਦੌਰਾਨ ਮੈਨੇਜਰ ਭਗਵੰਤ ਸਿੰਘ ਭੰਗੂ, ਐਡੀਸ਼ਨਲ ਮੈਨੇਜਗ ਕਰਨੈਲ ਵਿਰਕ, ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਅਤੇ ਕਥਾਵਾਚਕ ਭਾਈ ਪ੍ਰਿਤਪਾਲ ਸਿੰਘ ਵੱਲੋਂ ਪਰਮਜੀਤ ਸਰੋਆ ਨੂੰ ਸਿਰੋਪਾ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਅਕਾਊਟੈਂਟ ਵਰਿੰਦਰ ਗੋਲਡੀ, ਕੰਵਰ ਬੇਦੀ, ਗੁਰਦੀਪ ਸਿੰਘ, ਆਤਮਪ੍ਰਕਾਸ਼ ਬੇਦੀ, ਮਨਜੀਤ ਕੌਲੀ, ਮਨਿੰਦਰ ਸਿੰਘ ਤੇ ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।