ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੂਨ
ਕਰੋਨਾ ਮਹਾਮਾਰੀ ਦੀ ਜਾਰੀ ਦੂਜੀ ਲਹਿਰ ਵੀ ਭਾਵੇਂ ਮੱਧਮ ਪੈ ਰਹੀ ਹੈ ਪਰ ਪਹਿਲੀ ਲਹਿਰ ਦੇ ਮੁਕਾਬਲੇ ਕਰੋਨਾ ਦੀ ਇਹ ਦੂਜੀ ਲਹਿਰ ਪਟਿਆਲਵੀਆਂ ’ਤੇ ਭਾਰੂ ਰਹੀ ਹੈ ਕਿਉਂਕਿ ਪਹਿਲੀ ਲਹਿਰ ’ਚ ਜਿੱਥੇ 11009 ਪਾਜ਼ੇਟਿਵ ਕੇਸ ਆਏ ਤੇ 340 ਵਿਅਕਤੀਆਂ ਦੀ ਮੌਤ ਹੋਈ। ਉੱਥੇ ਹੀ ਦੂਜੀ ਲਹਿਰ ਭਾਵੇਂ ਕਿ ਅਜੇ ਜਾਰੀ ਹੈ, ਪਰ ਇਸ ਦੌਰਾਨ ਹੁਣ ਤੱਕ 29,475 ਪਾਜ਼ੇਟਿਵ ਕੇਸ ਆ ਚੁੱਕੇ ਹਨ ਤੇ ਇਸ ਲਹਿਰ ਨੇ 693 ਜਾਨਾਂ ਵੀ ਲੈ ਲਈਆਂ ਹਨ, ਜੋ ਪਹਿਲੀ ਲਹਿਰ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਹਨ। ਉਂਜ ਮ੍ਰਿਤਕਾਂ ਵਿੱਚ ਸਭ ਤੋਂ ਵੱਧ, 487 ਮਰੀਜ਼ 55 ਸਾਲ ਤੋਂ ਵੱਧ ਉਮਰ ਵਾਲ਼ੇ ਸਨ।
ਕਰੋਨਾ ਦੀ ਇਸ ਦੂਜੀ ਲਹਿਰ ਸਬੰਧੀ ਇਕੱਤਰ ਅੰਕੜਿਆਂ ਮੁਤਾਬਿਕ ਇਸ ਦੌਰਾਨ ਪਾਜ਼ੇਟਿਵ ਆ ਚੁੱਕੇ 29475 ਮਰੀਜ਼ਾਂ ਵਿੱਚੋਂ 21,927 ਮਰੀਜ਼ ਸ਼ਹਿਰੀ ਖ਼ੇਤਰ ਵਿੱਚੋਂ ਜਦਕਿ 7548 ਮਰੀਜ਼ ਪਿੰਡਾਂ ਨਾਲ਼ ਸਬੰਧਿਤ ਰਹੇ। ਇਨ੍ਹਾਂ ਸਾਰੇ ਪਾਜ਼ੇਟਿਵ ਕੇਸਾਂ ਵਿੱਚੋਂ 17104 ਪੁਰਸ਼ ਅਤੇ 12371 ਮਹਿਲਾਵਾਂ ਹਨ। ਉਂਜ ਇਨ੍ਹਾਂ 29475 ਮਰੀਜ਼ਾਂ ਵਿੱਚ ਹੀ 1044 ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਫੌਤ ਹੋਏ 693 ਮਰੀਜ਼ਾਂ ਵਿੱਚੋਂ 432 ਸ਼ਹਿਰੀ ਅਤੇ 261 ਪੇਂਡੂ ਖੇਤਰ ਨਾਲ ਸਬੰਧਤ ਸਨ। ਉਂਜ ਫੌਤ ਹੋਏ ਇਨ੍ਹਾਂ ਕੁੱਲ 693 ਮਰੀਜ਼ਾਂ ਵਿੱਚ ਉਮਰ ਵਰਗ ਮੁਤਾਬਕ 55 ਸਾਲਾਂ ਤੋਂ ਵੱਧ ਉਮਰ ਵਾਲ਼ਿਆਂ ਦੀ ਸਭ ਤੋਂ ਵੱਧ, 487 ਗਿਣਤੀ ਰਹੀ। ਇਨ੍ਹਾਂ 693 ਮ੍ਰਿਤਕਾਂ ਵਿੱਚੋਂ 396 ਪੁਰਸ਼ ਅਤੇ 296 ਔਰਤਾਂ ਮੌਤ ਦੇ ਮੂੰਹ ਗਈਆਂ। ਜਦਕਿ ਇੱਕ ਬੱਚੇ ਦੀ ਵੀ ਜਾਨ ਜਾਂਦੀ ਰਹੀ। ਪਿੰਡਾਂ ਵਿੱਚ ਮੌਤ ਦਰ 3.46 ਅਤੇ ਸ਼ਹਿਰੀ ਖੇਤਰਾਂ ਦੀ ਮੌਤ ਦਰ 19.7 ਰਹੀ।
ਗੁਰਦੁਆਰਾ ਦੂਖਨਿਵਾਰਨ ਲਈ ਚਾਰ ਆਕਸੀਜਨ ਕੰਸਨਟਰੇਟਰ ਭੇਟ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਟੌਹੜਾ ਇੰਸਟੀਚਿਊਟ ਵਿੱਚ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸਰਪ੍ਰਸਤੀ ਹੇਠ ਖੋਲ੍ਹੇ ਗਏ ਕੋਵਿਡ ਕੇਅਰ ਸੈਂਟਰ ’ਚੋਂ ਅੱਜ ਮਰੀਜ਼ ਜਸਵੰਤ ਸਿੰਘ ਨੂੰ ਸਿਹਤਯਾਬੀ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਉਧਰ, ਗੁਰਦੁਆਰਾ ਦੂਖਨਿਵਾਰਨ ਸਾਹਿਬ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਅੱਜ ਚਾਰ ਆਕਸੀਜਨ ਕੰਸਨਟਰੇਟਰ ਭੇਟ ਕੀਤੇ ਗਏ ਹਨ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਕਲਗੀਧਰ ਟਰੱਸਟ ਵੱਲੋਂ ਅਮਨਦੀਪ ਸਿੰਘ ਨੇ ਆਕਸੀਜਨ ਕੰਸਨਟਰੇਟਰ ਸੌਂਪਦਿਆਂ ਕਿਹਾ ਕਿ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਦੀ ਪ੍ਰੇਰਨਾ ਸਦਕਾ ਟਰੱਸਟ ਨੇ ਆਕਸੀਜਨ ਕੰਸਨਟਰੇਟਰ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਕਮੇਟੀ ਵੱਲੋਂ ਵੱਖ ਵੱਖ ਥਾਵਾਂ ’ਤੇ ਕੋਵਿਡ ਕੇਅਰ ਸੈਂਟਰ ਖੋਲ੍ਹ ਕੇ ਮਾਨਵਤਾ ਦੇ ਕਲਿਆਣ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।